ਅੰਮ੍ਰਿਤਸਰ, 27 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਪੜ੍ਹਾਈ ਲਈ ਵਿਦੇਸ਼ਾ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਚੰਗੀ ਸਿੱਖਿਆ ਹਾਸਿਲ ਕਰਕੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਅਤੇ ਭਵਿੱਖ ਸੁਧਾਰ ਸਕੇ ਪਰ ਕਈ ਵਾਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ ਤੇ ਉਨ੍ਹਾਂ ਦੇ ਸੁਪਨੇ ਜਿਉਂ ਦੇ ਤਿਉਂ ਹੀ ਰਹਿ ਜਾਂਦੇ ਹਨ।
ਅਜਿਹਾ ਹੀ ਇੱਕ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ, ਇੱਥੇ ਤਿੰਨ ਮਹੀਨੇ ਪਹਿਲਾਂ ਕੈਨੇਡਾ ਗਏ ਰਈਆ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਿੰਦਰਪਾਲ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਫੇਰੂਮਾਨ ਰੋਡ ਰਈਆ ਵਜੋਂ ਹੋਈ ਹੈ। ਮਨਿੰਦਰਪਾਲ ਪੜ੍ਹਾਈ ਦੇ ਵੀਜ਼ੇ ’ਤੇ ਕਨੇਡਾ ਗਿਆ ਸੀ। ਮ੍ਰਿਤਕ ਪਿੱਛੇ ਦੇ ਪਰਿਵਾਰ ’ਚ ਪਤਨੀ ਤੇ ਦੋ ਛੋਟੇ ਬੱਚੇ ਹਨ। ਵਰਨਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਮ੍ਰਿਤਕ ਦੇ ਪਿਤਾ ਮਨਜੀਤ ਸਿੰਘ ਦੀ ਵੀ ਕੈਂਸਰ ਨਾਲ ਕਈ ਸਾਲ ਜੂਝਣ ਤੋਂ ਬਾਅਦ ਮੌਤ ਹੋ ਗਈ ਸੀ।