ਅਰਜ਼ ਕਰਾਂ ਗੁਰੂ ਨਾਨਕ ਜੀ,
ਇੱਕ ਕਰੋ ਉਦਾਸੀ ਹੋਰ।
ਇੱਥੇ ਪਰਜਾ ਦੇ ਰਾਖੇ ਹੀ,
ਬਣ ਬਹਿ ਗੲੇ ਨੇ ਚੋਰ।
ਪੜ੍ਹ ਲਿਖ ਜਵਾਨੀ ਲਾਉਂਦੀ ਧਰਨੇ,
ਅਨਪੜ੍ਹ ਲੀਡਰਾਂ ਦੇ ਹੱਥ ਡੋਰ।
ਚੁੱਪ ਚਪੀਤੇ ਸਭ ਵੇਚ ਗਏ,
ਇਹ ਜ਼ਰਾ ਨਾ ਕਰਦੇ ਸ਼ੋਰ।
ਹਾਲ ਮੰਦੜੇ ਹੋਏ ਜਵਾਨੀ ਦੇ,
ਪਤਾ ਨਾ ਲੱਗੇ ਸਿੰਘ ਆ ਜਾਂ ਕੌਰ।
ਬਾਣੇ ਵੱਖਰੇ ਵੱਖਰੇ ਪਾਉਂਦੇ ਨੇ,
ਵਿਰਲੇ ਕਰਦੇ ਬਾਣੀ ਤੇ ਗੌਰ।
ਸਭ ਆਪਣੇ ਹੀ ਕਰਵਾ ਰਹੇ,
ਬੇਅਦਬੀਆਂ ਕਰਦਾ ਨਾ ਕੋਈ ਹੋਰ।
ਲੜ੍ਹ ਲੜ੍ਹ ਲੈਂਦੇ ਪ੍ਰਧਾਨਗੀਆਂ,
ਕਹਿਣ ਸਾਡਾ ਚਲਦਾ ਜ਼ੋਰ।
ਪਰਿਵਾਰ ਤੇਰਾ ਭਟਕ ਗਿਆ,
ਆ ਕੇ ਸਿੱਧੇ ਰਸਤੇ ਤੋਰ।
ਭਾਈ ਭਾਈ ਦਾ ਦੁਸ਼ਮਣ ਬਣਿਆ,
ਮੌਲਾ ਕੈਸਾ ਚਲ ਪਿਆ ਦੌਰ।
ਓ ਹਵਾ, ਪਾਣੀ ਨਾ ਰਹਿ ਗਿਆ,
ਨਾ ਦਿਖਦੇ ਤਿੱਤਰ, ਤੋਤੇ ਮੋਰ।
ਅਰਜ਼ ਕਰਾਂ ਗੁਰੂ ਨਾਨਕ ਜੀ,
ਇੱਕ ਕਰੋ ਉਦਾਸੀ ਹੋਰ।
ਪਰਮਜੀਤ ਸੰਧੂ