ਡਿਪਟੀ ਕਮਿਸ਼ਨਰ ਨੇ ਆਮ ਆਦਮੀ ਕਲੀਨਿਕਾਂ ਦਾ ਕੀਤਾ ਦੌਰਾ

ਆਮ ਆਦਮੀ ਕਲੀਨਿਕਾਂ ਵਿੱਚ 15 ਅਗਸਤ 2022 ਤੋਂ ਅਕਤੂਬਰ 2023 ਤੱਕ 771350 ਲੋੜਵੰਦਾਂ ਨੇ ਲਿਆ ਸਿਹਤ ਸੇਵਾਵਾਂ ਦਾ ਲਾਭ
ਅੰਮ੍ਰਿਤਸਰ, 30 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵਲੋਂ ਬੀਤੇ ਵਰ੍ਹੇ 15 ਅਗਸਤ 2022 ਤੋਂ ਜਿਲ੍ਹਾ ਅੰਮ੍ਰਿਤਸਰ ਵਿਖੇ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕਾਂ ਵਿੱਚ ਅਕਤੂਬਰ 2023 ਤੱਕ 771350 ਲੋੜਵੰਦ ਮਰੀਜਾਂ ਨੇ ਸਿਹਤ ਸੇਵਾਵਾਂ ਦਾ ਲਾਭ ਲਿਆ ਹੈ ਅਤੇ 133423 ਵਿਅਕਤੀਆਂ ਨੇ ਆਪਣੇ ਮੁਫ਼ਤ ਵਿੱਚ ਟੈਸਟ ਕਰਵਾਏ ਹਨ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵਲੋਂ ਅੱਜ ਰਣਜੀਤ ਐਵੀਨਿਊ ਵਿਖੇ ਸੈਟੇਲਾਈਟ ਹਸਪਤਾਲ ਦੇ ਆਮ ਆਦਮੀ ਕਲੀਨਿਕ ਅਤੇ ਰਣਜੀਤ ਐਵੀਨਿਊ ਵਿਖੇ ਹੀ ਇਕ ਹੋਰ ਚਲ ਰਹੇ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ ਗਿਆ।
ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਮਰੀਜਾਂ ਨਾਲ ਗੱਲਬਾਤ ਕੀਤੀ ਗਈ ਅਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਨਾਂ ਕਲੀਨਿਕਾਂ ਵਿੱਚ ਮਾਹਰ ਡਾਕਟਰਾਂ ਵਲੋਂ ਲੋਕਾਂ ਦਾ ਮੁਫ਼ਤ ਚੈਕਅੱਪ ਕਰਕੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਲੋਕ ਆਪਣੇ ਸਿਹਤ ਸੇਵਾਵਾਂ ਦਾ ਘਰਾਂ ਦੇ ਨੇੜੇ ਤੋਂ ਹੀ ਆਮ ਆਦਮੀ ਕਲੀਨਿਕਾਂ ਤੋਂ ਇਲਾਜ ਕਰਵਾ ਕੇ ਪੂਰੀ ਤਰ੍ਹਾਂ ਸੰਤੁਸ਼ਟ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਇਲਾਜ ਕਰਵਾ ਰਹੇ ਮਰੀਜਾਂ ਦਾ ਮੁਕੰਮਲ ਰਿਕਾਰਡ ਰੱਖਿਆ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਸਮੇਂ ਅੰਮ੍ਰਿਤਸਰ ਜਿਲ੍ਹੇ ਵਿੱਚ 60 ਆਮ ਆਦਮੀ ਕਲੀਨਿਕ ਚਲ ਰਹੇ ਹਨ।
ਜਿਲ੍ਹੇ ਦੇ 60 ਆਮ ਆਦਮੀ ਕਲੀਨਿਕਾਂ ਵਿੱਚ 133423 ਟੈਸਟ ਹੋਏ ਮੁਫ਼ਤ
ਡਿਪਟੀ ਕਮਿਸ਼ਨਰ ਨੇ ਆਮ ਆਦਮੀ ਕਲੀਨਿਕਾਂ ਵਿੱਚ ਕੰਮ ਕਰ ਰਹੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਦੱਸਿਆ ਕਿ ਮਰੀਜਾਂ ਨੂੰ ਸਾਰੀਆਂ ਦਵਾਈਆਂ ਇਥੋਂ ਹੀ ਪ੍ਰਾਪਤ ਹੋ ਜਾਂਦੀਆਂ ਹਨ। ਉਨਾਂ ਕਿਹਾ ਕਿ ਪਹਿਲਾਂ ਆਮ ਲੋਕਾਂ ਨੂੰ ਆਪਣੀ ਸਿਹਤ ਸਮੱਸਿਆ ਨੂੰ ਲੈ ਕੇ ਹਸਪਤਾਲਾਂ ਵਿੱਚ ਜਾਣਾ ਪੈਂਦਾ ਸੀ ਅਤੇ ਹਸਪਤਾਲਾਂ ਵਿੱਚ ਮਰੀਜਾਂ ਦੀ ਵਧੇਰੇ ਗਿਣਤੀ ਹੋਣ ਕਾਰਨ ਲੋਕਾਂ ਨੂੰ ਇੰਤਜ਼ਾਰ ਵੀ ਕਰਨਾ ਪੈਂਦਾ ਸੀ, ਪਰੰਤੂ ਹੁਣ ਆਮ ਆਦਮੀ ਕਲੀਨਿਕਾ ਨਾਲ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਸਿਹਤ ਸੁਵਿਧਾਵਾਂ ਮੁਹੱਈਆ ਹੋ ਰਹੀਆਂ ਹਨ। ਇਸ ਮੌਕੇ ਜਿਲ੍ਹਾ ਸਿਹਤ ਅਫ਼ਸਰ ਡਾ. ਜਸਪਾਲ ਸਿੰਘ, ਡਾ. ਕੁਲਦੀਪ ਕੌਰ, ਡਾ. ਪ੍ਰੀਤ ਹਰਵਿੰਦਰ ਸਿੰਘ, ਫਾਰਮਾਸਿਸਟ ਸੰਜੀਵ ਕੁਮਾਰ ਵੀ ਹਾਜ਼ਰ ਸਨ।

You May Also Like