ਜਲੰਧਰ, 9 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) -ਢਿੱਲਵਾਂ ਰੋਡ ‘ਤੇ ਸਥਿਤ ਇਕ ਮੈਰਿਜ ਪੈਲੇਸ ‘ਚ ਜਨਮ ਦਿਨ ਦੀ ਪਾਰਟੀ ਦੌਰਾਨ ਰਿਸ਼ਤੇਦਾਰਾਂ ਵਿੱਚ ਝਗੜੇ ਤੋਂ ਬਾਅਦ ਗੋਲ਼ੀਆਂ ਚੱਲ ਗਈਆਂ। ਇਸ ਦੌਰਾਨ 2 ਨੌਜਵਾਨਾਂ ਦੇ ਗੋਲ਼ੀ ਲੱਗੀ, ਜਿਸ ਨਾਲ ਇਕ NRI ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਦਲਜੀਤ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ, ਜੋ ਅਮਰੀਕਾ ਦਾ ਸਿਟੀਜ਼ਨ ਸੀ। ਗੋਲ਼ੀ ਮ੍ਰਿਤਕ ਦੇ ਸਾਂਢੂ ਨੇ ਆਪਣੇ ਲਾਇਸੈਂਸੀ ਰਿਵਾਲਵਰ ਤੋਂ ਹੀ ਚਲਾਈ ਸੀ, ਜੋ ਕਿ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਖਬਰ ਪੜੋ : 9 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ
ਡਾ. ਬੀ.ਐੱਸ. ਜੌਹਲ ਨੇ ਦੱਸਿਆ ਕਿ ਦਲਜੀਤ ਸਿੰਘ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ ਅਤੇ ਉਸ ਦੀ ਛਾਤੀ ਵਿੱਚ ਗੋਲ਼ੀ ਲੱਗੀ ਸੀ। ਇਲਾਜ ਸ਼ੁਰੂ ਹੋਣ ਤੋਂ 15 ਮਿੰਟ ਬਾਅਦ ਹੀ ਦਲਜੀਤ ਸਿੰਘ (35) ਨੇ ਦਮ ਤੋੜ ਦਿੱਤਾ। ਜ਼ਖਮੀ ਹੋਏ ਨੌਜਵਾਨ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਲੜਕੇ ਤਰਨਤਾਰਨ ਦੇ ਰਹਿਣ ਵਾਲੇ ਹਨ। ਥਾਣਾ ਰਾਮਾ ਮੰਡੀ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਐਤਵਾਰ ਸਵੇਰੇ ਮ੍ਰਿਤਕ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਇਆ ਜਾਵੇਗਾ।