ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਮਹੀਨਾ ਹੋਣ ਕਾਰਨ ਪੰਚਾਇਤੀ ਚੋਣਾਂ ਅੱਗੋਂ-ਪਿੱਛੋਂ ਕਰਾਉਣ ਦੀ ਮੰਗ

ਦਸੰਬਰ ਮਹੀਨੇ ਵਿੱਚ ਹੀ ਸ਼੍ਰੀ ਚਮਕੌਰ ਸਾਹਿਬ ਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲਾ ਹੁੰਦਾ ਹੈ

ਲੁਧਿਆਣਾ 25 ਅਗਸਤ (ਹਰਮਿੰਦਰ ਮੱਕੜ) – ਪੰਜਾਬ ਸਰਕਾਰ ਵੱਲੋਂ 31 ਦਸੰਬਰ ਤੱਕ ਪੰਚਾਇਤੀ ਚੋਣਾਂ ਕਰਾਉਣ ਲਈ ਚੋਣ ਕਮਿਸ਼ਨ ਨੂੰ ਸਿਫਾਰਿਸ਼ ਕੀਤੀ ਗਈ ਹੈ। ਪਿੰਡਾਂ ਵਿੱਚ ਪੰਚਾਇਤੀ ਚੋਣਾਂ ਦਾ ਮਾਹੌਲ ਵਿਸ਼ੇਸ਼ ਕਿਸਮ ਦਾ ਹੁੰਦਾ ਹੈ। ਜਦੋਂ ਕਿ ਸਿੱਖ ਇਤਿਹਾਸ ਵਿੱਚ ਸੰਸਾਰ ਦੀ ਸਭ ਤੋਂ ਵੱਡੀ ਕੁਰਬਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਹੈ। ਦੇਸ਼ ਵਿਦੇਸ਼ ਤੋਂ ਲੋਕ ਸ਼੍ਰੀ ਚਮਕੌਰ ਸਾਹਿਬ ਤੇ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿੱਖੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਆਉਂਦੇ ਹਨ। ਪੰਜਾਬ ਦੇ ਲੋਕ ਦਸੰਬਰ ਦੇ ਮਹੀਨੇ ਨੂੰ ਬੈਰਾਗ ਮਈ ਮੰਨਦੇ ਹਨ। ਇਸ ਮਹੀਨੇ ਵਿੱਚ ਲੋਕ ਵਿਆਹ ਨਹੀਂ ਕਰਦੇ। ਇਸ ਮਹੀਨੇ ਵਿੱਚ ਹਰ ਪੰਜਾਬੀ ਇਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਇਤਿਹਾਸਕ ਗੁਰਦੁਆਰਿਆਂ ਵਿੱਖੇ ਨਮਮੱਸਤਕ ਹੁੰਦਾ ਹੈ। ਪਿੰਡ ਸਿੱਧੂਪੁਰ ਦੇ ਸਾਬਕਾ ਸਰਪੰਚ ਸਾਧਾ ਸਿੰਘ, ਗੁਰਦਰਸ਼ਨ ਸਿੰਘ, ਡੀ ਐਮ ਐਫ ਦੇ ਪ੍ਰਧਾਨ ਦੀਦਾਰ ਸਿੰਘ ਢਿੱਲੋਂ, ਟੀ ਐੱਮ ਈ ਯੂ ਦੇ ਪ੍ਰਧਾਨ ਤਰਲੋਚਨ ਸਿੰਘ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਤਰਸੇਮ ਲਾਲ ਜੱਟਪੁਰਾ, ਕਿਰਤੀ ਕਿਸਾਨ ਮੋਰਚੇ ਦੇ ਆਗੂ ਬੀਰ ਸਿੰਘ ਬੜਵਾ, ਨਾ ਟੀਚਿੰਗ ਆਗੂ ਜਗਜੀਤ ਕੌਰ, ਮਜ਼ਦੂਰ ਆਗੂ ਬਲਵਿੰਦਰ ਸਿੰਘ ਭੈਰੋਂ ਮਾਜਰਾ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਿੰਸੀਪਲ ਦਵਿੰਦਰ ਸਿੰਘ, ਸ੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਲੱਛਮਣ ਸਿੰਘ, ਜਨਰਲ ਸਕੱਤਰ ਗੁਰਚਰਨ ਸਿੰਘ ਮਾਣੇ ਮਾਜਰਾ, ਐਸਜੀਪੀਸੀ ਦੇ ਮੈਂਬਰ ਅਵਤਾਰ ਸਿੰਘ ਰਿਆ, ਨੰਬਰਦਾਰ ਰਜਿੰਦਰ ਸਿੰਘ ਰਾਜਾ, ਮਿਸਤਰੀ ਜਸਪਾਲ ਸਿੰਘ ਮੋਰਿੰਡਾ, ਬਲਬੀਰ ਸਿੰਘ ਠੇਕੇਦਾਰ, ਮਾਸਟਰ ਗਿਆਨ ਚੰਦ, ਪ੍ਰਿੰਸੀਪਲ ਲੱਖਵਿੰਦਰ ਸਿੰਘ, ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਪ੍ਰਧਾਨ ਰਣਬੀਰ ਸਿੰਘ ਰੰਧਾਵਾ, ਕੰਟ੍ਰੈਕਟ ਵਰਕਰ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ, ਜਗਤਾਰ ਸਿੰਘ ਰੱਤੋ ਆਦਿ ਆਗੂਆਂ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਸ਼ਹੀਦੀ ਮਹੀਨੇ ਨੂੰ ਮੁੱਖ ਰੱਖਦਿਆਂ, ਪਿੰਡਾਂ ਦੀਆਂ ਪੰਚਾਇਤੀ ਚੋਣਾਂ ਦਸੰਬਰ ਮਹੀਨੇ ਤੋਂ ਅੱਗੋਂ ਜਾਂ ਪਿੱਛੋਂ ਕਰਵਾਈਆਂ ਜਾਣ।

You May Also Like