ਵਿਜੀਲੈਂਸ ਨੇ ਫ਼ਰੀਦਕੋਟ ਦੇ ਏ.ਐਸ.ਆਈ. ਨੂੰ 11,500 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ

ਚੰਡ੍ਹੀਗੜ੍ਹ, 22 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਥਾਣਾ ਗੋਲੇਵਾਲਾ, ਸਦਰ ਫਰੀਦਕੋਟ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਹਰਵਿੰਦਰ ਸਿੰਘ ਨੂੰ 11,500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਓਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਦਿਲਪ੍ਰੀਤ ਸਿੰਘ ਵਾਸੀ ਪਿੰਡ ਗੋਲੇਵਾਲਾ, ਜਿਲ੍ਹਾ ਫਰੀਦਕੋਟ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਓਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪੁਲਿਸ ਮੁਲਾਜ਼ਮ ਉਸ ਦੇ ਅਤੇ ਉਸ ਦੇ ਭਰਾ ਖਿਲਾਫ ਥਾਣਾ ਸਦਰ ਫ਼ਰੀਦਕੋਟ ਵਿਖੇ ਦਰਜ ਹੋਏ ਪੁਲਿਸ ਮੁਕੱਦਮੇ ਵਿੱਚ ਜ਼ਮਾਨਤੀ ਬਾਂਡ ਲੈਣ ਬਦਲੇ 15,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ।

ਇਹ ਵੀ ਖਬਰ ਪੜੋ : 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਜਲ ਵਿਭਾਗ ਦਾ ਐਸ.ਡੀ.ਓ ਅਤੇ ਹੈਲਪਰ ਵਿਜੀਲੈਂਸ ਵੱਲੋਂ ਗ੍ਰਿਫਤਾਰ

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਮੁਲਾਜ਼ਮ ਇਸ ਸਬੰਧੀ ਉਸ ਤੋਂ ਪਹਿਲੀ ਕਿਸ਼ਤ ਵਜੋਂ 2000 ਰੁਪਏ ਰਿਸ਼ਵਤ ਲੈ ਚੁੱਕਾ ਹੈ ਅਤੇ ਹੁਣ ਬਾਕੀ ਰਹਿੰਦੀ ਰਿਸ਼ਵਤ 13000 ਰੁਪਏ ਦੇਣ ਲਈ ਕਈ ਵਾਰ ਜ਼ਿੱਦ ਕਰ ਰਿਹਾ ਸੀ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਕਰਦੇ ਹੋਏ ਉਕਤ ਪੁਲਿਸ ਅਧਿਕਾਰੀ ਨਾਲ ਹੋਈ ਗੱਲਬਾਤ ਦੀ ਆਡੀਓ ਵੀ ਰਿਕਾਰਡ ਕੀਤੀ, ਜੋ ਉਸ ਨੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਰੇਂਜ ਨੇ ਇਸ ਸ਼ਿਕਾਇਤ ਦੀ ਮੁਢਲੀ ਪੜਤਾਲ ਉਪਰੰਤ ਜਾਲ ਵਿਛਾ ਕੇ ਉਕਤ ਪੁਲਿਸ ਅਧਿਕਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਸ਼ਿਕਾਇਤਕਰਤਾ ਪਾਸੋਂ 11,500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਰਿਸ਼ਵਤ ਵੀ ਬਰਾਮਦ ਕੀਤੀ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਫਿਰੋਜ਼ਪੁਰ ਰੇਂਜ ਥਾਣੇ ਵਿੱਚ ਉਕਤ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

You May Also Like