ਬਿਆਸ ਚ ਸੰਘਣੀ ਧੁੰਦ ਕਾਰਨ 10 ਗੱਡੀਆਂ ਦੀ ਆਪਸ ਵਿੱਚ ਹੋਈ ਟੱਕਰ

ਅੰਮ੍ਰਿਤਸਰ, 25 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਸੰਘਣੀ ਧੁੰਦ ਕਾਰਨ ਬਿਆਸ ਪੁਲ ‘ਤੇ ਸਵੇਰੇ 10 ਦੇ ਕਰੀਬ ਵਾਹਨ ਆਪਸ ‘ਚ ਟਕਰਾ ਗਏ। ਪੁਲ ਨੇੜੇ ਤਿੰਨ ਵੱਖ-ਵੱਖ ਥਾਵਾਂ ’ਤੇ ਹਾਦਸੇ ਵਾਪਰੇ। ਇਸ ਹਾਦਸੇ ਵਿਚ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਪਰ ਵਾਹਨਾਂ ਦਾ ਕਾਫੀ ਨੁਕਸਾਨ ਹੋ ਗਿਆ। ਅੱਜ ਸਵੇਰੇ ਪੁਲ ’ਤੇ ਖੜ੍ਹੀ ਗੱਡੀ ਖਰਾਬ ਹੋ ਗਈ ਤੇ ਉਥੇ ਹੀ ਖੜੀ ਹੋ ਗਈ। ਇਸ ਤੋਂ ਬਾਅਦ ਜ਼ੀਰੋ ਵਿਜ਼ੀਬਿਲਟੀ ਹੋਣ ਕਾਰਨ ਪਿੱਛੇ ਤੋਂ ਆ ਰਹੇ ਵਾਹਨ ਆਪਸ ਵਿੱਚ ਟਕਰਾ ਗਏ। ਉਨ੍ਹਾਂ ਵਾਹਨਾਂ ਕਾਰਨ ਪਹਿਲਾਂ ਜਾਮ ਲੱਗ ਗਿਆ ਅਤੇ ਫਿਰ ਜਾਮ ਦੌਰਾਨ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਚਾਲਕ ਦਾ ਆਪਣੇ ਆਪ ‘ਤੇ ਕਾਬੂ ਨਾ ਰਿਹਾ ਅਤੇ ਟਰੱਕ ਪੁਲ ਤੋਂ ਹੇਠਾਂ ਡਿੱਗ ਗਿਆ।

ਇਹ ਵੀ ਖਬਰ ਪੜੋ : ਸਮਾਣਾ ਚ ਟਰੱਕ ਅਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ, ਹਾਦਸੇ ਚ ਤਿੰਨ ਨੌਜਵਾਨਾਂ ਦੀ ਮੌਤ

ਇੱਕ ਹੋਰ ਥਾਂ ’ਤੇ ਵੀ ਜਦੋਂ ਇੱਕ ਟੈਂਕਰ ਖਰਾਬ ਹੋਇਆ ਤਾਂ ਟੈਂਕਰ ਮਾਲਕ ਨੇ ਦਰੱਖਤਾਂ ਦੇ ਪੱਤੇ ਉਥੇ ਰੱਖ ਦਿਤੇ ਤਾਂ ਜੋ ਪਿੱਛੇ ਤੋਂ ਆ ਰਹੇ ਵਾਹਨਾਂ ਨੂੰ ਪਤਾ ਲੱਗ ਸਕੇ ਪਰ ਇਸੇ ਦੌਰਾਨ ਇੱਕ ਕਾਰ ਨੇ ਉਸ ਦੇ ਵਾਹਨ ਨੂੰ ਪਿਛੋਂ ਤੋਂ ਟੱਕਰ ਮਾਰ ਦਿਤੀ ਅਤੇ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਨਜ਼ਦੀਕੀ ਇਕ ਹੋਰ ਥਾਂ ’ਤੇ ਧੁੰਦ ਕਾਰਨ ਇੱਕ ਤੋਂ ਬਾਅਦ ਇੱਕ ਦੋ ਤਿੰਨ ਵਾਹਨ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਕਰੀਬ 10 ਵਾਹਨ ਆਪਸ ਵਿੱਚ ਟਕਰਾ ਗਏ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਵਾਹਨਾਂ ਅਤੇ ਟਰੱਕਾਂ ਦਾ ਨੁਕਸਾਨ ਹੋਇਆ ਹੈ। ਮੌਕੇ ‘ਤੇ ਪਹੁੰਚੇ ਥਾਣਾ ਬਿਆਸ ਦੇ ਐਸਐਚਓ ਸਤਨਾਮ ਸਿੰਘ ਅਨੁਸਾਰ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਸੀ ਅਤੇ ਵਾਹਨਾਂ ਦੀ ਰਫ਼ਤਾਰ ਵੀ ਜ਼ਿਆਦਾ ਸੀ ਜਿਸ ਕਾਰਨ ਕਾਬੂ ਕਰਨ ਦਾ ਕੋਈ ਮੌਕਾ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ ‘ਤੇ ਤਿੰਨ ਟੱਕਰਾਂ ਹੋਈਆਂ ਅਤੇ ਖੁਸ਼ਕਿਸਮਤੀ ਹੈ ਕਿ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

You May Also Like