ਸੀ ਈ ਓ ਇਨਵੈਸਟ ਪੰਜਾਬ ਅਤੇ ਡਾਇਰੈਕਟਰ ਸਨਅਤਾਂ ਨੇ ਅੰਮ੍ਰਿਤਸਰ ਚ ਸਨਅਤੀ ਐਸੋਸੀਏਸ਼ਨਾਂ ਦੀਆਂ ਸੁਣੀਆਂ ਮੁਸ਼ਕਿਲਾਂ 

ਅੰਮ੍ਰਿਤਸਰ, 25 ਅਗਸਤ (ਰਾਜੇਸ਼ ਡੈਨੀ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਕਰਨ ਲਈ ਵਚਨਬੱਧ ਹੈ ਅਤੇ ਇਸੇ ਹੀ ਉਦੇਸ਼ ਤਹਿਤ ਅਗਲੇ ਮਹੀਨੇ ਮੋਹਾਲੀ ਤੋਂ ਸਰਕਾਰ ਸਨਅਤਕਾਰ ਮਿਲਣੀ ਸ਼ੁਰੂ ਕਰਨ ਜਾ ਰਹੀ ਹੈ। ਜਿਸ ਵਿੱਚ ਸਨਅਤਕਾਰਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾਵੇਗਾ। ਅੱਜ ਇਸ ਸਬੰਧ ਵਿਚ ਅੰਮ੍ਰਿਤਸਰ ਦੇ ਉਦਯੋਗਪਤੀਆਂ ਦੇ ਵੱਖ-ਵੱਖ ਮਸਲਿਆਂ ਦੇ ਹੱਲ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਸੀ ਈ ਓ ਇਨਵੈਸਟ ਪੰਜਾਬ ਦਵਿੰਦਰਪਾਲ ਸਿੰਘ ਖਰਬੰਦਾ ਅਤੇ ਡਾਇਰੈਕਟਰ ਉਦਯੋਗ ਤੇ ਵਪਾਰ, ਪੁਨੀਤ ਗੋਇਲ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਅਮਿਤ ਤਲਵਾੜ ਸਮੇਤ ਸਨਅਤਕਾਰਾਂ ਦੀ ਸੁਣਵਾਈ ਕੀਤੀ। ਐਸੋਸੀਏਸ਼ਨਾਂ ਨੂੰ ਉਨ੍ਹਾਂ ਦੇ ਮਸਲੇ ਸਮਾਂਬੱਧ ਤਰੀਕੇ ਨਾਲ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।

ਇਨਵੈਸਟ ਪੰਜਾਬ ਦੇ ਸੀ ਈ ਓ ਨੇ ਅੰਮ੍ਰਿਤਸਰ ਸਨਅਤਕਾਰਾਂ ਦੇ ਐਸੋਸੀਏਸ਼ਨਾਂ ਦੇ ਨੁਮਾਇੰਦੇਆਂ ਨਾਲ ਮੀਟਿੰਗ ਕੀਤੀ ਅਤੇ ਉਦਯੋਗਿਕ ਐਸੋਸੀਏਸ਼ਨਾਂ ਨੂੰ ਜਾਣੂ ਕਰਵਾਇਆ ਕਿ ਸਰਕਾਰ ਵੱਲੋਂ ਮੋਹਾਲੀ ਵਿਖੇ ਆਪਣੀ ਕਿਸਮ ਦੀ ਪਹਿਲੀ ’ਸਰਕਾਰ ਸਨਅਤਕਾਰ ਮਿਲਣੀ’ ਕਰਵਾਈ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਨੇੜਲੇ ਜ਼ਿਲਿ੍ਹਆਂ ਨੂੰ ਸ਼ਾਮਲ ਕਰਕੇ ਮੁਹਾਲੀ, ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਕਲੱਸਟਰ ਅਧਾਰਤ ਮੀਟਿੰਗਾਂ ਕਰਕੇ ’ਸਰਕਾਰ ਸਨਅਤਕਾਰ ਮਿਲਣੀ’ ਕਰਵਾਈ ਜਾਵੇਗੀ।

ਖਰਬੰਦਾ ਨੇ ਕਿਹਾ ਕਿ ਰਾਜ ਨੇ ਪਹਿਲਾਂ ਹੀ ਨਵੀਂ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ, 2022 ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਦਾ ਉਦੇਸ਼ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਰਾਜ ਵਿੱਚ 25 ਕਰੋੜ ਰੁਪਏ ਤੱਕ ਦੇ ਨਿਵੇਸ਼ ਦੀ ਇਜਾਜ਼ਤ ਦੇਣ ਦੇ ਅਧਿਕਾਰ ਦਿੱਤੇ ਗਏ ਹਨ ਤਾਂ ਜੋ ਨਿਵੇਸ਼ਕਾਂ ਨੂੰ ਪ੍ਰਵਾਨਗੀਆਂ ਲਈ ਚੰਡੀਗੜ੍ਹ ਨਾ ਆਉਣਾ ਪਵੇ।

ਸੀ.ਈ.ਓ ਇਨਵੈਸਟ ਪੰਜਾਬ ਨੇ ’ਸਰਕਾਰ ਸਨਅਤਕਾਰ ਮਿਲਣੀ’ ਤੋਂ ਪਹਿਲਾਂ ਅਗਲੇ ਕੁਝ ਦਿਨਾਂ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸਨਅਤਕਾਰਾਂ ਦੇ ਸਾਰੇ ਮਸਲੇ ਉਠਾਉਣ ਅਤੇ ਹੱਲ ਕਰਨ ਦੀ ਉਮੀਦ ਜਤਾਉਂਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਨਵੈਸਟ ਪੰਜਾਬ ਅਤੇ ਉਦਯੋਗਿਕ ਤੇ ਵਣਜ ਵਿਭਾਗਾਂ ਨੂੰ ਵਧੇਰੇ ਰੁਜ਼ਗਾਰ ਅਤੇ ਮਾਲੀਆ ਪੈਦਾ ਕਰਨ ਲਈ ਰਾਜ ਦੀ ਚੱਲ ਰਹੀ ਵਪਾਰਕ ਪਹਿਲਕਦਮੀ ਦੀ ਨਿਰੰਤਰਤਾ ਤਹਿਤ ਮਜ਼ਬੂਤੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ।

ਮੀਟਿੰਗ ਦੋਰਾਨ ਉਦਯੋਗਿਕ ਐਸੋਸੀਏਸ਼ਨਾਂ ਵਲੋ ਬਿਜਲੀ ਸਸਤੀ ਕਰਨ,ਸਨਅਤੀ ਫੋਕਲ ਪੁਆਇੰਟਾਂ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਨਵੀਨੀਕਰਨ ਉਚਿਤ ਡਰੇਨੇਜ ਸਿਸਟਮ ਦੀ ਉਪਲਬਧਤਾ, ਬਿਲਡਿੰਗ ਯੋਜਨਾਵਾਂ ਨੂੰ ਮਨਜ਼ੂਰੀ ਦੇ ਮਾਪਦੰਡਾਂ ਵਿੱਚ ਆਸਾਨੀ, ਉਦਯੋਗਿਕ ਖੇਤਰ ਵਿੱਚ ਕੰਮ ਕਰਨ ਵਾਲਿਆਂ ਲਈ ਹੋਸਟਲ, ਪ੍ਰਾਹੁਣਚਾਰੀ ਅਤੇ ਮੈਡੀਕਲ ਯੂਨਿਟਾਂ ਦੀ ਮਨਜ਼ੂਰੀ, ਉਦਯੋਗਿਕ ਪਲਾਟਾਂ ਦੇ ਵਿਕਾਸ ਲਈ ਲੈਂਡ ਬੈਂਕਾਂ ਦੀ ਲੋੜ, ਫੈਕਟਰੀ ਲਾਇਸੈਂਸ ਨਵਿਆਉਣ ਦੇ ਮੁੱਦੇ ਉਠਾਉਣ ਤੋਂ ਇਲਾਵਾ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਨਾਲ ਸਬੰਧਤ ਸਮੱਸਿਆਵਾਂ ਰੱਖੀਆਂ।

ਸੀ.ਈ.ਓ ਇਨਵੈਸਟ ਪੰਜਾਬ ਅਤੇ ਡਾਇਰੈਕਟਰ ਇੰਡਸਟਰੀਜ਼ ਐਂਡ ਕਾਮਰਸ ਨੇ ਮੀਟਿੰਗ ਵਿੱਚ ਹਾਜ਼ਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੀਟਿੰਗ ਵਿੱਚ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਅਗਲੇ ਹਫ਼ਤੇ ਮੀਟਿੰਗਾਂ ਅਤੇ ਦੌਰੇ ਤੈਅ ਕੀਤੇ ਜਾਣ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਅਮਿਤ ਤਲਵਾੜ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪੱਧਰ ’ਤੇ ਸਬੰਧਤ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਅਤੇ ਸਨਅਤਕਾਰਾਂ ਨੂੰ ਮੁਸ਼ਕਲ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਤੋ ਹੀ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਸਨਅਤਕਾਰਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਸਨਅਤਕਾਰਾਂ ਨਾਲ ਮੌਢੇ ਨਾਲ ਮੋਢਾ ਜੋੜ ਕੇ ਖੜੀ ਹੈ। ਇਸ ਮੌਕੇ ਮੁੱਖ ਪ੍ਰਸ਼ਾਸਕ ਪੁਡਾ ਸ਼੍ਰੀ ਰਜਤ ਉਬਰਾਏ, ਜਨਰਲ ਮੈਨੇਜਰ ਸ: ਇੰਦਰਜੀਤ ਸਿੰਘ, ਉਦਯੋਗਪਤੀ ਸ਼੍ਰੀ ਪਿਆਰਾ ਲਾਲ ਸੇਠ, ਸ਼੍ਰੀ ਸਮੀਰ ਜੈਨ, ਸ਼੍ਰੀ ਕਮਲ ਡਾਲਮੀਆ, ਸ਼੍ਰੀ ਕ੍ਰਿਸ਼ਨ ਕੁਮਾਰ ਕੁਕੂ, ਸ਼੍ਰੀ ਸੰਦੀਪ ਖੋਸਲਾ, ਸ: ਦਵਿੰਦਰ ਭੁੱਲਰ, ਸ਼੍ਰੀ ਅਸੋਕ ਸੇਠੀ ਤੋ ਇਲਾਵਾ ਵੱਡੀ ਗਿਣਤੀ ਵਿਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਸਨਅਤਕਾਰ ਹਾਜ਼ਰ ਸਨ।

You May Also Like