29 ਫਰਵਰੀ ਤੱਕ ਲਏ ਜਾਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਫਾਰਮ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 9 ਜਨਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਜ਼ਿਲਾ ਚੋਣ ਅਫ਼ਸਰ ਸ੍ਰੀ ਘਨਸ਼ਾਮ ਥੋਰੀ ਨੇ ਸ੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ ਐਸ ਡੀ ਐਮ ਨਾਲ ਕੀਤੀ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਕਿ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਜਾਰੀ ਕੀਤੀ ਨਵੀਂ ਸਮਾਂ ਸਾਰਨੀ ਤਹਿਤ ਵੋਟਰ ਸੂਚੀ ਵਿਚ ਰਜਿਸਟਰੇਸ਼ਨ ਕੇਵਲ 29 ਫਰਵਰੀ 2024 ਤੱਕ ਕੀਤੀ ਜਾਣੀ ਹੈ, ਜਦਕਿ ਅਜੇ ਤੱਕ ਵੋਟਰਾਂ ਨੇ ਬਹੁਤ ਘੱਟ ਫਾਰਮ ਜਮਾ ਕਰਵਾਏ ਹਨ। ਉਨਾਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਕਿਹਾ ਕਿ ਸਾਡੇ ਕੋਲ ਆਮ ਚੋਣਾਂ ਲਈ 19 ਲੱਖ ਦੇ ਕਰੀਬ ਦੇ ਵੋਟਰ ਹਨ ਅਤੇ 2011 ਦੀਆਂ ਸ੍ਰੋਮਣੀ ਕਮੇਟੀ ਚੋਣਾਂ ਵਿਚ ਵੋਟਰਾਂ ਦੀ ਗਿਣਤੀ ਵੀ ਛੇ ਲੱਖ ਦੇ ਨੇੜੇ ਸੀ, ਜਦਕਿ ਹੁਣ ਤੱਕ ਸਾਡੇ ਕੋਲ 68849 ਵੋਟਰਾਂ ਨੇ ਹੀ ਸ੍ਰੋਮਣੀ ਗੁਰਦੁਆਰਾ ਕਮੇਟੀ ਲਈ ਆਪਣੇ ਫਾਰਮ ਜਮਾ ਕਰਵਾਏ ਹਨ, ਜੋ ਕਿ ਕਿਸੇ ਤਰਾਂ ਵੀ ਤਰਕ ਸੰਗਤ ਨਹੀਂ। ਉਨਾਂ ਪਟਵਾਰੀਆਂ ਦੇ ਨਾਲ-ਨਾਲ ਆਮ ਚੋਣਾਂ ਲਈ ਕੰਮ ਕਰਨ ਵਾਲੇ ਬੀ ਐਲ ਓ ਅਤੇ ਸੈਕਟਰ ਅਫਸਰ ਦੀ ਸਹਾਇਤਾ ਵੀ ਲੈਣ ਦੀ ਹਦਾਇਤ ਕਰਦੇ ਕਿਹਾ ਕਿ ਵੱਧ ਤੋਂ ਵੱਧ ਯੋਗ ਲੋਕਾਂ ਦੇ ਨਾਮ ਵੋਟਰ ਸੂਚੀ ਵਿਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਇਸ ਲਈ ਹਰੇਕ ਘਰ ਤੱਕ ਪਹੁੰਚ ਕਰੋ।

ਇਹ ਵੀ ਖਬਰ ਪੜੋ : ਅੰਮ੍ਰਿਤਸਰ ਪੁਲਿਸ ਨੇ 1.5 ਕਿਲੋ ਹੈਰੋਇੰਨ ਅਤੇ 3 ਲੱਖ ਰੁਪਏ ਡਰੱਗ ਮਨੀ ਸਮੇਤ 1 ਨਸ਼ਾ ਤਸਕਰ ਕੀਤਾ ਕਾਬੂ

ਉਨਾਂ ਕਿਹਾ ਕਿ ਅੰਮ੍ਰਿਤਸਰ ਵਿਚ ਸਿੱਖ ਅਬਾਦੀ ਵੱਡੀ ਗਿਣਤੀ ਵਿਚ ਹੈ, ਇਸ ਲਈ ਵੱਧ ਤੋਂ ਵੱਧ ਵੋਟਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟ ਦੀ ਚੋਣਾਂ ਲਈ ਦਰਜ ਕਰਨੇ ਯਕੀਨੀ ਬਣਾਏ ਜਾਣ। ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਲੈਣ ਤੇ ਹਰੇਕ ਯੋਗ ਵੋਟਰ ਆਪਣੇ ਫਾਰਮ ਹਲਕਾ ਪਟਵਾਰੀ ਜਾਂ ਬੀ ਐਲ ਓ ਨੂੰ ਦੇਵੇ। ਉਨ੍ਹਾਂ ਨੇ ਦੱਸਿਆ ਕਿ ਮੁੱਢਲੀ ਪ੍ਰਕਾਸ਼ਿਤ ਵੋਟਰ ਸੂਚੀ ਤੇ ਦਾਅਵੇ/ਇਤਰਾਜ਼ 11 ਅਪ੍ਰੈਲ ਤੱਕ ਪ੍ਰਾਪਤ ਕੀਤੇ ਜਾਣਗੇ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਮਿਤੀ 3 ਮਈ 2024 ਨੂੰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਵੀ ਯੋਗ ਵੋਟਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ (ਬੋਰਡ) ਲਈ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣਾ ਚਾਹੁੰਦਾ ਹੈ ਉਹ ਫਾਰਮ ਨੰਬਰ 1 ਭਰਕੇ ਪੇਂਡੂ ਖੇਤਰਾ ਵਿੱਚ ਸਬੰਧਤ ਹਲਕਾ ਪਟਵਾਰੀ ਅਤੇ ਸ਼ਹਿਰੀ ਖੇਤਰ ਵਿੱਚ ਨਗਰ ਨਿਗਮ/ਨਗਰ ਕੌਸਲ ਜਾਂ ਲੋਕਲ ਅਥਾਰਟੀ ਦੇ ਕਰਮਚਾਰੀ ਜਿੰਨਾਂ ਨੂੰ ਰਿਵਾਇਜ਼ ਅਥਾਰਟੀ ਵਜੋਂ ਨਿਯੁਕਤ ਕੀਤਾ ਗਿਆ ਹੈ, ਪਾਸ ਜਮਾਂ ਕਰਵਾ ਸਕਦਾ ਹੈ। ਉਨਾਂ ਕਿਹਾ ਕਿ ਜਿਹੜੇ ਬਿਨੈਕਾਰ ਸਿੱਖ ਗੁਰਦੁਆਰਾ ਬੋਰਡ ਰੂਲਜ਼ 1959 ਦੇ ਰੂਲ ਨੰਬਰ 3 ਅਧੀਨ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਉਹ ਵਿਅਕਤੀ ਹੀ ਫਾਰਮ ਨੰਬਰ 1 ਭਰ ਸਕਦੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬਿਨੈਕਾਰ ਮਿਤੀ 21 ਅਕਤੂਬਰ 2023 ਨੂੰ 21 ਸਾਲ ਜਾਂ ਉਸਤੋਂ ਵੱਧ ਉਮਰ ਪੂਰੀ ਕਰਦਾ ਹੋਵੇ, ਬਿਨੈਕਾਰ ਆਪਣੀ ਤਾਜ਼ਾ ਸਵੈ-ਤਸਦੀਕਸ਼ੁਦਾ ਫੋਟੋ ਨਾਲ ਨੱਥੀ ਕਰੇਗਾ, ਫਾਰਮ ਨੰਬਰ 1 ਵਿੱਚ ਦਰਜ਼ ਸਵੈ ਘੋਸ਼ਣਾ ਭਰਨੀ ਲਾਜ਼ਮੀ ਹੈ ਅਤੇ ਆਧਾਰ ਕਾਰਡ, ਵੋਟਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੰਸ, ਸਰਵਿਸ ਪਹਿਚਾਣ ਪੱਤਰ ਸਮੇਤ ਫੋਟੋਗ੍ਰਾਫ, ਬੈਂਕ ਜਾਂ ਡਾਕਘਰ ਦੀ ਪਾਸਬੁੱਕ ਸਮੇਤ ਫੋਟੋਗ੍ਰਾਫ, ਪੈਨ ਕਾਰਡ, ਸਮਾਰਟ ਕਾਰਡ, ਨੈਸ਼ਨਲ ਪਾਪੂਲੇਸ਼ਨ ਰਜਿਸਟਰਡ ਦਾ ਆਰ.ਜੀ.ਆਈ. ਕਾਰਡ, ਮਗਨਰੇਗਾ ਜਾਬ ਕਾਰਡ, ਸਿਹਤ ਬੀਮਾ ਸਮਾਰਟ ਕਾਰਡ, ਪੈਨਸ਼ਨ ਦਸਤਾਵੇਜ਼ ਸਮੇਤ ਫੋਟੋਗ੍ਰਾਫ, ਐੱਮ.ਪੀ., ਐੱਮ.ਐੱਲ.ਏ. ਮੈਂਬਰ ਵਿਧਾਨ ਪ੍ਰੀਸ਼ਦ ਨੂੰ ਜਾਰੀ ਦਫ਼ਤਰੀ ਪਹਿਚਾਣ ਪੱਤਰ ਆਦਿ ਦਸਤਾਵੇਜਾਂ ਵਿੱਚੋਂ ਕੋਈ ਵੀ ਇੱਕ ਦਸਤਾਵੇਜ਼ ਨਾਲ ਨੱਥੀ ਕਰੇਗਾ। ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਪੁੱਡਾ ਦੇ ਪ੍ਰਸ਼ਾਸਕ ਸ੍ਰੀ ਰਜਤ ਉਬਰਾਏ, ਐਸ ਡੀ ਐਮ ਸ ਅਰਵਿੰਦਰਪਾਲ ਸਿੰਘ, ਐਸ ਡੀ ਐਮ ਸ੍ਰੀ ਨਿਕਾਸ ਕੁਮਾਰ, ਐਸ ਡੀ ਐਮ ਮਨਕੰਵਲ ਸਿੰਘ ਚਾਹਲ, ਐਸ ਡੀ ਐਮ ਲੋਪੋਕੇ ਸ੍ਰੀਮਤੀ ਮਨਜੀਤ ਕੌਰ, ਸਹਾਇਕ ਕਮਿਸ਼ਨਰ ਮੈਡਮ ਗੁਰਸਿਮਰਨ ਕੌਰ, ਤਹਿਸੀਲਦਾਰ ਇੰਦਰਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

You May Also Like