ਫਤਿਹਗੜ੍ਹ ਸਾਹਿਬ, 21 ਫਰਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ 8 ਸਾਲਾ ਬੱਚੇ ਦੀ ਸਕੂਲ ਦੀ ਹੀ ਬੱਸ ਦੇ ਟਾਇਰ ਥੱਲੇ ਆ ਜਾਣ ਕਾਰਨ ਮੌਤ ਹੋ ਗਈ। ਉਧਰ ਗੁੱਸੇ ਵਿੱਚ ਆਏ ਬੱਚੇ ਦੇ ਮਾਪਿਆਂ, ਪਿੰਡ ਨਿਵਾਸੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਸਕੂਲ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕਰਦਿਆਂ ਹੋਇਆਂ ਸਕੂਲ ਦੇ ਪ੍ਰਬੰਧਕਾਂ ਵਿਰੁੱਧ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਜਦੋਂ ਕਿ ਪੁਲਿਸ ਵੱਲੋਂ ਡਰਾਈਵਰ ਅਤੇ ਕੰਡਕਟਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਖਬਰ ਪੜੋ : 35 ਕਰੋੜ ਰੁਪਏ ਦੀ ਲਾਗਤ ਨਾਲ 66 ਕੇ ਵੀ ਤੋਂ 220 ਕੇ ਵੀ ਬਣੇਗਾ ਅਜਨਾਲਾ ਦਾ ਬਿਜਲੀ ਘਰ – ਈ ਟੀ ਓ
ਮ੍ਰਿਤਕ 8 ਸਾਲਾ ਜਸਕੀਰਤ ਸਿੰਘ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵੈਨ ਦੇ ਡਰਾਇਵਰ ਅਤੇ ਕੰਡਕਟਰ ਨੇ ਜਸਕੀਰਤ ਸਿੰਘ ਨੂੰ ਵੈਨ ਤੋਂ ਥੱਲੇ ਉਤਾਰ ਕੇ ਵੈਨ ਤੋਰ ਵੀ ਲਈ ਜਿਸ ਕਾਰਨ ਜਸਕੀਰਤ ਸਿੰਘ ਉਕਤ ਸਕੂਲ ਵੈਨ ਦੇ ਟਾਇਰਾਂ ਹੇਠ ਆ ਕੇ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਚੁੱਕ ਕੇ ਨਜਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਜਸਕੀਰਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਮ੍ਰਿਤਕ ਬੱਚੇ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਉਨਾਂ ਦੇ ਬੱਚੇ ਦੀ ਜਾਨ ਗਈ ਹੈ।
ਥਾਣਾ ਬਡਾਲੀ ਆਲਾ ਸਿੰਘ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਵੈਨ ਨੂੰ ਕਬਜ਼ੇ ‘ਚ ਲੈਂਦੇ ਹੋਏ ਵੈਨ ਦੇ ਡਰਾਇਵਰ ਤੇ ਕੰਡਕਟਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਹੋਰ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ । ਗਾਰਡਨ ਵੈਲੀ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਰਦੇਵ ਸਿੰਘ ਨਾਮਧਾਰੀ ਨੇ ਕਿਹਾ ਕਿ ਉਨਾਂ ਦੀ ਹਮਦਰਦੀ ਬੱਚੇ ਦੇ ਪਰਿਵਾਰ ਨਾਲ ਹੈ ਤੇ ਉਨਾਂ ਦੀਆਂ ਸਾਰੀਆਂ ਗੱਡੀਆਂ ਦੇ ਕਾਗਜ਼ਾਤ ਪੂਰੇ ਹਨ।