ਪਟਿਆਲਾ, 14 ਮਾਰਚ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਪਰਨੀਤ ਕੌਰ ਨੇ ਦਿੱਲੀ ਦੇ ਭਾਜਪਾ ਦਫ਼ਤਰ ਵਿਚ ਭਾਜਪਾ ਦਾ ਪੱਲਾ ਫੜਿਆ। ਪ੍ਰਨੀਤ ਕੌਰ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਇਕ ਅਧਿਕਾਰਤ ਪੱਤਰ ਰਾਹੀਂ ਇਹ ਐਲਾਨ ਕੀਤਾ।
ਇਸ ਤੋਂ ਤੁਰੰਤ ਬਾਅਦ ਪਰਨੀਤ ਕੌਰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਈ। ਲੋਕ ਸਭਾ ਚੋਣਾਂ ਦੌਰਾਨ ਪ੍ਰਨੀਤ ਕੌਰ ਦਾ ਭਾਜਪਾ ਵਿਚ ਸ਼ਾਮਲ ਹੋਣਾ ਕਾਂਗਰਸ ਲਈ ਵੱਡਾ ਝਟਕਾ ਹੈ। ਪਰਨੀਤ ਕੌਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਤਨੀ ਹੈ। ਉਹ ਪੰਜਾਬ ਦੀ ‘ਸ਼ਾਹੀ ਸੀਟ’ ਪਟਿਆਲਾ ਤੋਂ ਚਾਰ ਵਾਰ ਕਾਂਗਰਸ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ। ਉਹਨਾਂ ਨੇ ਹੁਣ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾ ਲਿਆ ਹੈ। ਪਰਨੀਤ ਕੌਰ ਪਿਛਲੇ 25 ਸਾਲਾਂ ਤੋਂ ਪਟਿਆਲਾ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਸਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਫਰਵਰੀ ‘ਚ ਪਰਨੀਤ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ‘ਚ ਕਾਂਗਰਸ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਪਟਿਆਲਾ ਤੋਂ ਸੰਸਦ ਮੈਂਬਰ ਇੱਥੇ ਭਾਜਪਾ ਹੈੱਡਕੁਆਰਟਰ ਵਿਖੇ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ, ਤਰੁਣ ਚੁੱਘ, ਅਰੁਣ ਸਿੰਘ, ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸੂਬਾ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਦੀ ਮੌਜੂਦਗੀ ਵਿਚ ਪਾਰਟੀ ਵਿਚ ਸ਼ਾਮਲ ਹੋਏ।