ਅੰਮ੍ਰਿਤਸਰ, 8 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਅਸ਼ੋਕ ਡਿੰਪੀ ਚੌਹਾਨ ਨੇ ਇੱਕ ਪ੍ਰੈਸ ਬਿਆਨ ਰਾਹੀਂ ਭਾਰਤੀ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਅਪਰਾਧੀਆਂ ਨੂੰ ਰਾਜਨੀਤੀ ਵਿੱਚ ਆਉਣ ਤੋਂ ਰੋਕਣ ਲਈ ਸਖ਼ਤ ਕਾਨੂੰਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਖ਼ਿਲਾਫ਼ ਕੋਈ ਕੇਸ ਚੱਲ ਰਿਹਾ ਹੈ ਅਤੇ ਜੇਲ੍ਹ ਤੋਂ ਵਾਪਸ ਆ ਚੁੱਕੇ ਹਨ, ਉਨ੍ਹਾਂ ’ਤੇ ਚੋਣ ਲੜਨ ’ਤੇ ਪਾਬੰਦੀ ਲਗਾਈ ਜਾਵੇ।
ਇਹ ਵੀ ਖਬਰ ਪੜੋ : — ਬਸਪਾ ਨੇ ਸੁਰਿੰਦਰ ਕੰਬੋਜ ਨੂੰ ਫਿਰੋਜ਼ਪੁਰ ਤੋਂ ਐਲਾਨਿਆ ਉਮੀਦਵਾਰ
ਡਿੰਪੀ ਚੌਹਾਨ ਨੇ ਕਿਹਾ ਕਿ ਜਿਹੜਾ ਵਿਅਕਤੀ ਆਪਣੇ ਆਪ ਵਿੱਚ ਅਪਰਾਧਿਕ ਅਕਸ ਵਾਲਾ ਹੈ, ਉਹ ਜਨਤਾ ਦਾ ਕੀ ਭਲਾ ਕਰੇਗਾ ਅਤੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਵੇਗਾ? ਉਨ੍ਹਾਂ ਕਿਹਾ ਕਿ ਰਾਜਨੀਤੀ ਦਾ ਅਪਰਾਧੀਕਰਨ ਕੀਤਾ ਜਾ ਰਿਹਾ ਹੈ! ਅੱਜ ਵੀ ਸਿਆਸਤ ਵਿੱਚ ਅਪਰਾਧਿਕ ਪਿਛੋਕੜ ਵਾਲੇ ਲੋਕ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਇੱਕ ਪੜ੍ਹੇ-ਲਿਖੇ ਅਤੇ ਇਮਾਨਦਾਰ ਨੇਤਾ ਦੀ ਲੋੜ ਹੈ ਜੋ ਦੇਸ਼ ਨੂੰ ਉਚਾਈਆਂ ‘ਤੇ ਲੈ ਜਾ ਸਕੇ! ਡਿੰਪੀ ਚੌਹਾਨ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੋਟ ਪਾਉਣ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਜਿਸ ਵਿਅਕਤੀ ਨੂੰ ਉਹ ਆਪਣੀ ਕੀਮਤੀ ਵੋਟ ਦੇ ਰਹੇ ਹਨ, ਉਹ ਅਪਰਾਧਿਕ ਪਿਛੋਕੜ ਵਾਲਾ ਵਿਅਕਤੀ ਨਹੀਂ ਹੈ।