ਹੁਸ਼ਿਆਰਪੁਰ, 27 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਗੋਗਾ ਵਾਸੀ ਪਿੰਡ ਅੱਟੋਵਾਲ, ਹੁਸ਼ਿਆਰਪੁਰ ਵਜੋਂ ਹੋਈ ਹੈ। ਗੁਰਪ੍ਰੀਤ ਸਿੰਘ ਦਾ 20 ਮਈ ਨੂੰ ਵਿਆਹ ਹੋਣਾ ਸੀ। ਇਸ ਖ਼ਬਰ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰ ਨੇ ਗੁਰਪ੍ਰੀਤ ਸਿੰਘ ਦੀ ਲਾਸ਼ ਵਾਪਸ ਲਿਆਉਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।
ਗੁਰਪ੍ਰੀਤ ਦੀ ਵਿਧਵਾ ਮਾਂ ਨੇ ਰੋਂਦੇ ਹੋਏ ਦੱਸਿਆ ਕਿ ਅਸੀਂ ਆਪਣੇ ਲੜਕੇ ਗੁਰਪ੍ਰੀਤ ਦਾ ਵਿਆਹ 20 ਮਈ ਨੂੰ ਤੈਅ ਕੀਤਾ ਹੈ। ਹਾਲੇ 2 ਦਿਨ ਪਹਿਲਾਂ ਹੀ ਉਸ ਨੇ ਫੋਨ ’ਤੇ ਦੱਸਿਆ ਸੀ ਕਿ ਉਹ ਅਗਲੇ ਹਫਤੇ ਤੱਕ ਪਿੰਡ ਪਰਤ ਆਵੇਗਾ ਪਰ ਸਾਨੂੰ ਕੀ ਪਤਾ ਸੀ ਕਿ ਸਾਨੂੰ ਸਾਡੇ ਬੇਟੇ ਦੇ ਆਉਣ ਦੀ ਨਹੀਂ ਸਗੋਂ ਉਸ ਦੇ ਕਤਲ ਦੀ ਖਬਰ ਮਿਲੇਗੀ।
ਗੁਰਪ੍ਰੀਤ ਦੇ ਮਾਮਾ ਸਤਨਾਮ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਆਪਣੇ ਵੱਡੇ ਭਰਾ ਹਰਪ੍ਰੀਤ ਦੇ ਨਾਲ ਟਰੱਕ ਚਲਾਉਂਦਾ ਸੀ। ਮਾਮੂਲੀ ਝਗੜੇ ਵਿੱਚ ਸਾਈਡ ਮੰਗਣ ਤੋਂ ਨਰਾਜ਼ ਦੂਜੇ ਟਰੱਕ ਡਰਾਈਵਰ ਨੇ ਗੁਰਪ੍ਰੀਤ ਦੀ ਪਿੱਠ ਵਿੱਚ ਸੱਤ ਗੋਲੀਆਂ ਮਾਰ ਦਿੱਤੀਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਗੁਰਪ੍ਰੀਤ ਦੀ ਲਾਸ਼ ਵਾਪਸ ਲਿਆਉਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ। ਅਮਰੀਕੀ ਜਾਂਚ ਅਧਿਕਾਰੀ ਬੰਬੀ ਹੈਰਿੰਗ ਨੇ ਦੱਸਿਆ ਕਿ ਫਰਾਰ ਮੁਲਜ਼ਮ ਟਰੱਕ ਡਰਾਈਵਰ ਦੀ ਭਾਲ ਜਾਰੀ ਹੈ। ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। 200 ਮੀਟਰ ਪਿੱਛੇ ਵੱਡਾ ਭਰਾ ਵੀ ਟਰੱਕ ਚਲਾ ਰਿਹਾ ਸੀ। ਟਰੱਕ ਜਾਮ ਵਿੱਚ ਫਸ ਗਿਆ। ਗੁਰਪ੍ਰੀਤ ਦੀ ਟਰੱਕ ਡਰਾਈਵਰ ਨਾਲ ਬਹਿਸ ਹੋ ਗਈ। ਅਮਰੀਕਨ ਟਰੱਕ ਡਰਾਈਵਰ ਨੇ ਆਪਣਾ ਪਿਸਤੌਲ ਕੱਢ ਲਿਆ।
ਪਿਸਤੌਲ ਦੇਖ ਕੇ ਗੁਰਪ੍ਰੀਤ ਆਪਣੇ-ਆਪ ਨੂੰ ਬਚਾਉਣ ਲਈ ਟਰੱਕ ਤੋਂ ਉਤਰ ਕੇ ਭੱਜਣ ਲੱਗਾ ਪਰ ਅਮਰੀਕਨ ਨੇ ਗੁਰਪ੍ਰੀਤ ਦੀ ਪਿੱਠ ਵਿੱਚ ਇੱਕੋ ਸਮੇਂ 7 ਗੋਲੀਆਂ ਮਾਰੀਆਂ ਅਤੇ ਭੱਜ ਗਿਆ। ਗੁਰਪ੍ਰੀਤ ਦੇ ਭਰਾ ਹਰਪ੍ਰੀਤ ਨੇ ਆਸ-ਪਾਸ ਦੇ ਲੋਕਾਂ ਨਾਲ ਮਿਲ ਕੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਗੁਰਪ੍ਰੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ।