ਅੰਮ੍ਰਿਤਸਰ 14 ਮਈ (ਐੱਸ.ਪੀ.ਐਨ ਬਿਊਰੋ) – ਪਿੰਡ ਨੰਗਲੀ ‘ਚ ਇਕ ਨੌਜਵਾਨ ਨੇ ਆਪਣੇ ਪਿਤਾ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ‘ਚ ਪਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਬੇਟੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ। ਪੁਲਿਸ ਮੁਤਾਬਕ ਨੰਗਲੀ ਪਿੰਡ ਦਾ ਰੁਪਿੰਦਰ ਸਿੰਘ ਕਿਸਾਨ ਹੈ ਤੇ ਉਹ ਆਪਣੇ ਬੇਟੇ ਅਮਨਦੀਪ ਸਿੰਘ ਨੂੰ ਵਕੀਲ ਬਣਾਉਣਾ ਚਾਹੁੰਦਾ ਸੀ ਪਰ ਉਹ 12ਵੀਂ ਦੀ ਪੜ੍ਹਾਈ ਤੋਂ ਬਾਅਦ ਆਈਲੈਟਸ ਕਰ ਕੇ ਵਿਦੇਸ਼ ਸੈਟਲ ਹੋਣਾ ਚਾਹੁੰਦਾ ਸੀ।
ਪਰਿਵਾਰ ‘ਚ ਇਸੇ ਗੱਲ ਨੂੰ ਲੈ ਕੇ ਬਾਪ-ਬੇਟੇ ‘ਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਮੰਗਲਵਾਰ ਦੀ ਸਵੇਰ ਵੀ ਦੋਵੇਂ ਪਿਉ-ਪੁੱਤ ਦਰਮਿਆਨ ਇਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਗੁੱਸੇ ‘ਚ ਬੇਟੇ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਪਹਿਲਾ ਪਿਤਾ ਨੂੰ ਗੋਲ਼ੀ ਮਾਰੀ ਤੇ ਫਿਰ ਆਪਣੇ ਆਪ ਨੂੰ ਵੀ ਗੋਲ਼ੀ ਮਾਰ ਕੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ। ਮੌਕੇ ‘ਤੇ ਹੀ ਰੁਪਿੰਦਰ ਸਿੰਘ ਦੀ ਮੌਤ ਹੋ ਗਈ ਜਦਕਿ ਅਮਨਦੀਪ ਸਿੰਘ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।