ਸੁਖਬੀਰ ਬਾਦਲ ਅਕਾਲੀ ਦਲ ਦੀ ਸ਼ਰਮਨਾਕ ਹਾਰ ਲਈ ਖੁਦ ਅਸਤੀਫ਼ਾ ਦੇਵੇ ਨਹੀਂ ਤਾਂ ਹੁਣ ਪੰਥ ਖ਼ੁਦ ਬਰਨਾਲੇ ਵਾਂਗ ਲੈ ਲਵੇਗਾ : ਮਨਜੀਤ ਸਿੰਘ ਭੋਮਾ

ਅੰਮ੍ਰਿਤਸਰ 9 ਜੂਨ (ਐੱਸ.ਪੀ.ਐਨ ਬਿਊਰੋ) – ਲੋਕ ਸਭਾ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਦੀ ਸ਼ਰਮਨਾਕ ਹਾਰ ਭਾਵ ਜਮਾਨਤਾਂ ਹੀ ਜ਼ਬਤ ਤੋਂ ਬਾਅਦ ਪਾਰਟੀ ਵਿਚ ਬਗਾਵਤ ਵਾਲੀ ਸਥਿਤੀ ਬਣੀ ਹੋਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਇੱਕ ਪ੍ਰੈਸ ਬਿਆਨ ਰਾਹੀਂ ਮੰਗ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਅਗਵਾਈ ਹੇਠ ਲੋਕ ਸਭਾ ਚੋਣਾਂ ਵਿੱਚ ਹੋਈ ਅਕਾਲੀ ਦਲ ਦੀ ਸ਼ਰਮਨਾਕ ਹਾਰ ਤੋਂ ਇਖ਼ਲਾਕੀ ਜ਼ੁਮੇਵਾਰੀ ਲੈਂਦਿਆਂ ਪ੍ਰਧਾਨਗੀ ਤੋਂ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ । ਪਰ ਸ ਸੁਖਬੀਰ ਸਿੰਘ ਬਾਦਲ ਇਖਲਾਕੀ ਜ਼ੁਮੇਵਾਰੀ ਲੈਂਦਿਆਂ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਨੂੰ ਤਿਆਰ ਨਹੀਂ ਹੈ ਅਤੇ ਨਾ ਹੀ ਕਦੇ ਹੋਈਆਂ ਹਾਰਾਂ ਤੇ ਉਤੇ ਮੰਥਨ ਕਰਨ ਲਈ ਤਿਆਰ ਹੋਇਆਂ ਹੈ।

ਉਹਨਾਂ ਕਿਹਾ ਹਰੇਕ ਪੰਥਕ ਦਰਦੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪੱਤਣ ਦਾ ਦੁੱਖ਼ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਚਾਹੁੰਦਾ ਹੈ ਪਰ ਜਿਸਦੇ ਕਾਰਨ ਪਾਰਟੀ ਦਾ ਪੱਤਣ ਹੋਇਆਂ ਉਹ ਸੁਖਬੀਰ ਸਿੰਘ ਬਾਦਲ ਪਾਸੇ ਹੋਣ ਲਈ ਤਿਆਰ ਨਹੀਂ ।ਜਦੋਂ ਕਿ ਸ੍ਰ ਢੀਂਡਸਾ, ਬੀਬੀ ਪਰਮਜੀਤ ਕੌਰ ਗੁਲਸ਼ਨ ,ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ,ਸ੍ਰ ਮਨਪ੍ਰੀਤ ਸਿੰਘ ਇਆਲੀ, ਸ ਬਲਦੇਵ ਸਿੰਘ ਮਾਨ ਤੇ ਕਈ ਹੋਰ ਸ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮੰਗ ਚੁੱਕੇ ਹਨ ਪਰ ਪ੍ਰਧਾਨ ਸਾਹਿਬ ਹਾਲੇ ਵੀ ਖਾਮੋਸ਼ ਹਨ। ਦੂਸਰੇ ਪਾਸੇ ਉਹ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਦੀ ਜਿੱਤ ਦੇ ਜਸ਼ਨ ਮਨਾਕੇ ਭੰਗੜੇ ਪਾ ਰਹੇ ਹਨ । ਚਾਹੀਦਾ ਤਾਂ ਇਹ ਸੀ ਜਿਹਨਾਂ ਦੀਆਂ ਜਮਾਨਤਾਂ ਜਬਤ ਹੋਈਆਂ ਉਹਨਾਂ ਦੇ ਘਰ ਅਫ਼ਸੋਸ ਕਰਨ ਜਾਂਦੇ ਤੇ ਹੋਂਸਲਾ ਦੇਂਦੇ । ਸ ਮਨਪ੍ਰੀਤ ਸਿੰਘ ਇਆਲੀ ਦਾ ਸਪੱਸ਼ਟ ਕਹਿਣਾ ਕਿ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਤੋਂ ਇਨਕਾਰ ਕਰਨਾ ਹੀ ਪਾਰਟੀ ਲਈ ਮਾਰੂ ਸਾਬਤ ਹੋਇਆ ਹੈ। ਸ ਪ੍ਰਕਾਸ਼ ਸਿੰਘ ਬਾਦਲ ਅਤੇ ਸ ਸੁਖਬੀਰ ਸਿੰਘ ਬਾਦਲ ਨੇ ਜਿਵੇਂ ਜਥੇਦਾਰ ਕਾਉਂਕੇ ਦੇ ਕਤਲ ਦੀ ਤਿਵਾੜੀ ਦੀ ਰਿਪੋਰਟ ਰੱਦੀ ਦੀ ਟੋਕਰੀ ਵਿੱਚ ਸੁੱਟੀ ਤੇ ਇਸੇ ਤਰ੍ਹਾਂ ਬਾਦਲ ਨੇ ਨਕੋਦਰ ਗੋਲੀ ਕਾਂਡ ਦੀ ਰਿਪੋਰਟ ਵੀ ਦੱਬੀ ਰੱਖੀ।

ਉਸੇ ਤਰਜ ਤੇ ਝੂੰਦਾ ਕਮੇਟੀ ਦੀ ਰਿਪੋਰਟ ਵੀ ਬਗੈਰ ਕੋਈ ਕਾਰਵਾਈ ਕੀਤਿਆਂ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤੀ। ਉਲਟਾ ਝੂੰਦਾਂ ਕਮੇਟੀ ਨੂੰ ਮੰਨਣ ਤੇ ਲਾਗੂ ਕਰਨ ਦੀ ਬਜਾਏ ਘੁਰਕੀ ਮਾਰਕੇ ਝੂੰਦਾਂ ਸਮੇਂਤ ਕਮੇਟੀ ਮੈਂਬਰਾਂ ਨੂੰ ਆਪਣੇ ਅੱਗੇ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਇੱਕ ਤਰ੍ਹਾਂ ਨਾਲ ਇਹ ਝੂੰਦਾਂ ਕਮੇਟੀ ਨੇ ਦੋਸ਼ੀਆਂ ਨਾਲ ਬੇਸ਼ਰਮੀ ਦੀ ਤਰ੍ਹਾਂ ਜੱਫੀ ਪਾ ਲਈ । ਜਿਵੇਂ ਇਹ ਕਹਿ ਲਈਏ ਕਿ ਕੁੱਤੀ ਚੋਰਾਂ ਨਾਲ਼ ਰੱਲ ਗਈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ । ਉਹਨਾਂ ਕਿਹਾ ਜਦੋਂ ਤੱਕ ਝੂੰਦਾ ਕਮੇਟੀ ਦੀ ਰਿਪੋਰਟ ਅਮਲ ਵਿੱਚ ਨਹੀਂ ਆਉਂਦੀ। ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫ਼ਾ ਨਹੀਂ ਦੇਂਦਾ, ਉਨ੍ਹੀਂ ਦੇਰ ਅਕਾਲੀ ਦਲ ਸਫਲਤਾ ਦੀਆਂ ਪੌੜੀਆਂ ਨਹੀਂ ਚੜ੍ਹ ਸਕਦਾ। ਅਕਾਲ ਲੀਡਰਸ਼ਿਪ ਨੂੰ ਬੀਬੀ ਕੁਲਵਿੰਦਰ ਕੌਰ ਤੋਂ ਸੇਧ ਲੈਂਦਿਆਂ ਸੁਖਬੀਰ ਬਾਦਲ ਦੇ ਵਿਰੁੱਧ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ । ਅਕਾਲੀ ਦਲ 1996 ਤੋਂ ਬਾਅਦ ਪੰਥਕ ਲਾਈਨ ਛੱਡਕੇ ਕਾਂਗਰਸ ਤੇ ਭਾਜਪਾ ਵਾਲ਼ੀ ਲਾਈਨ ਉਪਰ ਤੁਰ ਪਿਆ। ਪੰਥ ਨੂੰ ਛੱਡ ਕੇ ਸਿਰਸੇ ਵਾਲੇ ਸਾਧ ਨਾਲ ਯਾਰੀ ਪਾ ਲਈ।

ਬਰਗਾੜੀ , ਬਹਿਬਲਕਲਾਂ ਗੋਲੀ ਕਾਂਡ ਇਹਨਾਂ ਦੀ ਸਰਕਾਰ ਵਿੱਚ ਹੋਏ। ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਨ ਵਾਲਿਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਸੁਮੇਧ ਸੈਣੀ ਤੇ ਇਜ਼ਹਾਰ ਆਲਮ ਵਰਗਿਆਂ ਨੂੰ ਉਚ ਅਹੁਦਿਆਂ ਨਾਲ ਨਿਵਾਜਿਆ। ਕੋਈ ਜਾਂਚ ਕਮਿਸ਼ਨ ਨਹੀਂ ਬਿਠਾਇਆ । ਸਿੱਖ ਕੌਮ ਦਾ ਹਰਿਆਵਲ ਦਸਤਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖ਼ਤਮ ਕਰਨ ਲਈ ਉਸਦੇ ਮੁਕਾਬਲੇ ਨਾਸਤਿਕ ਜਥੇਬੰਦੀ ਐਸ ਓ ਵਾਈ ਬਣਾਈ ਜਿਸ ਨੇ ਅਕਾਲੀ ਦਲ ਦੀ ਬੇੜੀ ਵਿੱਚ ਵਟੇ ਪਾਏ। ਤਖਤਾਂ ਦੇ ਜਥੇਦਾਰਾਂ ਨੂੰ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਸੱਦਕੇ ਗੁਰਮੀਤ ਰਾਮ ਰਹੀਮ ਨੂੰ ਮੁਆਫ ਕਰਨ ਦੇ ਹੁਕਮ ਚਾੜ੍ਹੇ ਗਏ । ਟਕਸਾਲੀ ਅਕਾਲੀ ਲੀਡਰਸ਼ਿਪ ਨੂੰ ਖੁੱਡੇ ਲਾਈਨ ਲਾ ਕੇ ਆਪਣੇ ਕਾਕਿਆਂ , ਚਿੱਟੇ ਦੇ ਥੋਕ ਤੇ ਪ੍ਰਚੂਨ ਦੇ ਵਪਾਰੀਆਂ ਨੂੰ ਮੂਹਰੇ ਲਾਇਆ ਗਿਆ।ਇਸ ਸਭ ਦਾ ਨਤੀਜਾ ਸਾਡੇ ਸਾਹਮਣੇ ਹੈ। ਕੀ ਸੁਖਬੀਰ ਬਾਦਲ ਤੋਂ ਬਗ਼ੈਰ ਪਾਰਟੀ ਨਹੀਂ ਚਲੇਗੀ? ਸੁਖਬੀਰ ਸਿੰਘ ਬਾਦਲ ਨੂੰ ਕੰਧ ਤੇ ਲਿਖਿਆ ਪੜ੍ਹ ਕੇ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਨਹੀਂ ਤਾਂ ਫ਼ੇਰ ਬਰਨਾਲੇ ਵਾਂਗ ਖ਼ੁਦ ਪੰਥ ਪ੍ਰਧਾਨਗੀ ਖੋਹ ਲਵੇਗਾ।ਹੁਣ ਬਚਿਆਂ ਵੀ ਕੀ ਹੈ । ਇਸ ਵਿਚ ਹੀ ਪੰਥ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਉਸਦੀ ਖ਼ੁਦ ਸੁਖਬੀਰ ਸਿੰਘ ਬਾਦਲ ਦੀ ਭਲਾਈ ਹੈ।

You May Also Like