ਅੰਮ੍ਰਿਤਸਰ 27 ਜੂਨ (ਐੱਸ.ਪੀ.ਐਨ ਬਿਊਰੋ) – ਅੰਮ੍ਰਿਤਸਰ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਇਕ ਜ਼ਮੀਨੀ ਝਗੜੇ ਨੂੰ ਲੈ ਕੇ ਗੋਲੀਆਂ ਚੱਲ ਗਈਆਂ, ਜਿਸ ਵਿਚ ਦੋ ਵਿਅਕਤੀਆਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਜਦਕਿ ਪੰਜ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਅੰਮ੍ਰਿਤਸਰ ਦੇ ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਕਾਕੜ ਤ੍ਰੀਨ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਗੋਲੀਆਂ ਚੱਲ ਗਈਆਂ, ਜਿਸ ਦੌਰਾਨ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਪੰਜ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ 40 ਸਾਲ ਪਹਿਲਾਂ ਉਨ੍ਹਾਂ ਦੀ ਜ਼ਮੀਨ ਦਾ ਵਟਾਂਦਰਾ ਮਜ਼ਬ੍ਹੀ ਸਿੰਘਾਂ ਦੇ ਨਾਲ ਹੋਇਆ ਸੀ ਪਰ ਉਨ੍ਹਾਂ ਵੱਲੋਂ ਜ਼ਮੀਨ ਵਾਹੁਣ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਨਾਜਾਇਜ਼ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਦੋ ਜਣਿਆਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਪੰਜ ਜਣੇ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਮੰਗ ਕੀਤੀ ਕਿ ਸਾਨੂੰ ਇਨਸਾਫ਼ ਦਿਵਾਇਆ ਜਾਵੇ। ਉਧਰ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਹਸਪਤਾਲ ਵਿਚ ਪੁੱਜੇ ਏਐਸਆਈ ਭੁਪਿੰਦਰ ਸਿੰਘ ਨੇ ਆਖਿਆ ਕਿ ਗੋਲੀਬਾਰੀ ਦੀ ਸੂਚਨਾ ਮਿਲਣ ਮਗਰੋਂ ਉਹ ਹਸਪਤਾਲ ਵਿਖੇ ਪੁੱਜੇ ਨੇ, ਤਫ਼ਤੀਸ਼ ਤੋਂ ਬਾਅਦ ਹੀ ਸਾਰੇ ਮਾਮਲੇ ਬਾਰੇ ਪਤਾ ਚੱਲ ਸਕੇਗਾ। ਦੱਸ ਦਈਏ ਕਿ ਪੁਲਿਸ ਵੱਲੋਂ ਪੀੜਤ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ, ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।