‘ਆਪ’ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ : ਮਨੀਸ਼ ਮਿੱਤਲ

ਫ਼ਰੀਦਕੋਟ, 14 ਸਤੰਬਰ (ਵਿਪਨ ਮਿੱਤਲ) – ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਵਾਅਦਾ ਖ਼ਿਲਾਫ਼ੀ ਕਰਦਿਆਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਾਰਨ ਇਸ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਪੰਜਾਬ ਕਾਰਜਕਾਰਨੀ ਮੈਂਬਰ ਮਨੀਸ਼ ਮਿੱਤਲ ਨੇ ਇੱਥੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਨੂੰ ਮਾਨ ਸਰਕਾਰ ਦੀ ਨਾਲਾਇਕੀ ਹੀ ਕਿਹਾ ਜਾਵੇਗਾ ਕਿ ਅੱਜ ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ, ਰੋਜ਼ਾਨਾ ਕੋਈ ਨਾ ਕੋਈ ਕਤਲੋ-ਗਾਰਤ ਦੀ ਮੰਦਭਾਗੀ ਘਟਨਾ ਵਾਪਰ ਰਹੀ ਹੈ। ਨਸ਼ਿਆਂ ਦਾ ਦਰਿਆ ਸੂਬੇ ਦੀ ਜਵਾਨੀ ਨੂੰ ਡੋਬ ਰਿਹਾ ਹੈ, ਪਰ ਸਰਕਾਰ ਗੈਂਗਸਟਰਾਂ ਤੇ ਨਸ਼ਾ ਸਮੱਗਲਰ ਨੂੰ ਨੱਥ ਪਾਉਣ ’ਚ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋ ਰਹੀ ਹੈ।

ਇਹ ਵੀ ਖਬਰ ਪੜੋ : — ‘ਆਪ’ ਆਗੂ ਦੇ ਕਤਲ ਮਾਮਲੇ ‘ਚ ਅਕਾਲੀ ਆਗੂ ਤੇਜਿੰਦਰ ਸਿੰਘ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਪੰਜਾਬ ਦੇ ਨੌਜਵਾਨ ਨੌਕਰੀਆਂ ਲਈ ਸੰਘਰਸ਼ ਕਰਦੇ ਹੋਏ ਆਤਮ ਹੱਤਿਆਵਾਂ ਦੇ ਰਾਹ ਪੈ ਰਹੇ ਹਨ। ਨਾ ਤਾਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਮਿਲੇ, ਨਾ ਹੀ ਕਿਸਾਨਾਂ ਨੂੰ ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਮਿਲਿਆ ਅਤੇ ਨਾ ਹੀ ਗ਼ਰੀਬ ਲੋਕਾਂ ਨੂੰ ਸਮੇਂ ਸਿਰ ਕਣਕ ਤੇ ਦਾਲ ਮਿਲ ਰਹੀ ਹੈ। ਮਨੀਸ਼ ਮਿੱਤਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ’ਚ ਹਰ ਫਰੰਟ ’ਤੇ ਫੇਲ੍ਹ ਸਾਬਤ ਹੋ ਰਹੀ ਹੈ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਤੋਂ ਭੱਜ ਰਹੀ ਹੈ। ਸੂਬਾ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਦੀ ਨਿੰਦਾ ਕਰਦਿਆਂ ਮਨੀਸ਼ ਮਿੱਤਲ ਨੇ ਕਿਹਾ ਕਿ ਕੰਗਾਲ ਹੋ ਚੁੱਕੀ ‘ਆਪ’ ਸਰਕਾਰ ਤੇਲ ਅਤੇ ਬਿਜਲੀ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਆਪਣੀ ਕੰਗਾਲੀ ਦੂਰ ਕਰਨਾ ਚਾਹੁੰਦੀ ਹੈ, ਪਰ ਇਸ ਦਾ ਸਿੱਧਾ ਅਸਰ ਆਮ ਲੋਕਾਂ, ਕਾਰੋਬਾਰੀਆਂ, ਵਪਾਰੀਆਂ ’ਤੇ ਪਵੇਗਾ।

ਮਨੀਸ਼ ਮਿੱਤਲ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਢੋਆ-ਢੁਆਈ ਮਹਿੰਗੀ ਹੋਵੇਗੀ, ਜਿਸ ਨਾਲ ਜਿੱਥੇ ਉਦਯੋਗਾਂ ’ਤੇ ਮਾੜਾ ਅਸਰ ਪਏਗਾ, ਉਥੇ ਹੀ ਇਸ ਦਾ ਅਸਰ ਖਾਣ-ਪੀਣ ਵਾਲੀਆਂ ਚੀਜ਼ਾਂ ’ਤੇ ਵੀ ਪਵੇਗਾ। ਉਨ੍ਹਾਂ ਸੂਬੇ ਦੀ ਆਰਥਿਕ ਸਥਿਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦਿਨ-ਬ-ਦਿਨ ਸੂਬੇ ਸਿਰ ਕਰਜ਼ੇ ਦੀ ਪੰਡ ਭਾਰੀ ਕਰਨ ਵਾਲੀ ਮਾਨ ਸਰਕਾਰ ਦਾ ਸੂਬੇ ਅੰਦਰ ਆਧਾਰ ਖਤਮ ਹੋ ਚੁੱਕਿਆ ਹੈ, ਕਿਉਂਕਿ ਸੂਬੇ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਤੇ ਵਾਅਦੇ ਕਰਨ ਵਾਲੀ ਮਾਨ ਸਰਕਾਰ ਅੱਜ ਹਰ ਫਰੰਟ ’ਤੇ ਫ਼ੇਲ੍ਹ ਹੋ ਚੁੱਕੀ ਹੈ।

You May Also Like