ਦਫ਼ਤਰ ਚ ਸਰਕਾਰੀ ਗੱਡੀ ਦੀ ਸਹੂਲਤ ਨਾ ਹੋਣ ਤੇ ਪ੍ਰਾਈਵੇਟ ਗੱਡੀ ਚ ਪੁਹੰਚਾਇਆ ਹਸਪਤਾਲ
ਅੰਮ੍ਰਿਤਸਰ 10 ਅਕਤੂਬਰ (ਹਰਪਾਲ ਸਿੰਘ) – ਵੀਰਵਾਰ ਦੁਪਹਿਰ ਡੇਢ ਦੋ ਵਜੇ ਦੇ ਦਰਮਿਆਨ ਸਿਹਤ ਵਿਭਾਗ ਦੇ ਜ਼ਿਲ੍ਹਾ ਪੱਧਰੀ ਦਫ਼ਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਗੁਰਪ੍ਰੀਤ ਕੌਰ ਨਾਮ ਦੀ ਮਹਿਲਾ ਕਰਮਚਾਰੀ ਜੋ ਕਿ ਐਨ ਐਚ ਐਮ ਅਧੀਨ ਸਰਵਿਸ ਕਰਦੀ ਹੈ, ਨੂੰ ਡਿਊਟੀ ਸਮੇਂ ਦੇ ਦੌਰਾਨ ਸੱਪ ਨੇ ਡੰਗ ਲਿਆ ਅਜੇ ਪਰਸੋਂ ਹੀ ਅੱਠ ਅਕਤੂਬਰ ਦੀਆਂ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਅਨੁਸਾਰ ਸਿਹਤ ਵਿਭਾਗ ਦੇ ਇਸ ਜ਼ਿਲ੍ਹਾ ਪੱਧਰ ਦੇ ਦਫ਼ਤਰ ਵਿੱਚ ਕੋਈ ਸੀਸੀ ਟੀ ਵੀ ਕੈਮਰਾ ਨਹੀਂ ਲੱਗਿਆ ਹੋਇਆ ਹੈ ਜਦਕਿ ਇਸ ਦਫ਼ਤਰ ਦੀ ਚਾਰਦੀਵਾਰੀ ਦੇ ਅੰਦਰ ਅੰਦਰ ਹੀ ਲੱਗਭਗ ਸੱਤ ਅੱਠ ਬਹੁਤ ਮਹੱਤਵਪੂਰਨ ਪੁਆਇੰਟ ਹਨ ਜਿਥੇ ਕਿ ਸੀ ਸੀ ਟੀ ਵੀ ਕੈਮਰੇ ਲੱਗਣੇ ਬਹੁਤ ਹੀ ਜ਼ਰੂਰੀ ਹਨ।
ਇਸ ਬਾਰੇ ਪੱਤਰਕਾਰਾਂ ਵਲੋ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਕਿਰਨਦੀਪ ਕੌਰ ਨਾਲ ਮੋਬਾਇਲ ਫੋਨ ਤੇ ਗੱਲ ਬਾਤ ਵੀ ਕੀਤੀ ਸੀ ਦੁਪਹਿਰ ਵੇਲੇ ਜਦ ਮਹਿਲਾ ਕਰਮਚਾਰੀ ਨੂੰ ਸੱਪ ਨੇ ਡੰਗ ਲਿਆ ਸੀ ਤਾਂ ਇਸ ਦਫ਼ਤਰ ਦੇ ਪਾਸ ਸਰਕਾਰੀ ਐਂਬੂਲੈਂਸ ਜਾਂ ਸਰਕਾਰੀ ਗੱਡੀ ਤੱਕ ਨਹੀਂ ਸੀ। ਫਿਰ ਇਸ ਮਹਿਲਾ ਨੂੰ ਪ੍ਰਾਈਵੇਟ ਗੱਡੀ ਵਿੱਚ ਪਾ ਕੇ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਐਮਰਜੈਂਸੀ ਵਿੱਚ ਲਿਆਂਦਾ ਗਿਆ ਜਿਥੇ ਕਿ ਉਨ੍ਹਾਂ ਦਾ ਇਲਾਜ ਐਮਰਜੈਂਸੀ ਮੈਡੀਕਲ ਅਫ਼ਸਰ ਡਾਕਟਰ ਹਰਪ੍ਰੀਤ ਕੌਰ ਸੰਧੂ ਵੱਲੋਂ ਕੀਤਾ ਗਿਆ। ਸਮੇਂ ਸਿਰ ਐਂਟੀਡੋਜ ਮਿਲਣ ਕਾਰਨ ਮਹਿਲਾ ਕਰਮਚਾਰੀ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਇਹ ਮਹਿਲਾ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਆਈ ਸੀ ਯੂ ਵਿੱਚ ਦਾਖ਼ਿਲ ਸੀ।
ਦਫ਼ਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਸਫਾਈ ਦਾ ਬਹੁਤ ਹੀ ਬੁਰਾ ਹਾਲ ਹੈ। ਇਥੋਂ ਤੱਕ ਕਿ ਇਸ ਦਫ਼ਤਰ ਵਿਖੇ ਜੋ ਬਾਥਰੂਮ ਸਰਕਾਰੀ ਕਰਮਚਾਰੀਆਂ/ ਮਹਿਲਾ ਕਰਮਚਾਰੀਆ ਲਈ ਬਣੇ ਹੋਏ ਹਨ, ਉਨ੍ਹਾਂ ਦੇ ਕੋਲੋਂ ਲੰਘਿਆ ਨਹੀਂ ਜਾ ਸਕਦਾ ਹੈ। ਸਿਹਤ ਵਿਭਾਗ ਦੇ ਇਸ ਜ਼ਿਲ੍ਹਾ ਪੱਧਰ ਦੇ ਦਫ਼ਤਰ ਵਿਚ ਸਫ਼ਾਈ ਅਤੇ ਪੀਣ ਦੇ ਪਾਣੀ ਨੂੰ ਲੈ ਕੇ ਅਤੇ ਸੁਰੱਖਿਆ ਵਾਸਤੇ ਸੀ ਸੀ ਟੀ ਵੀ ਕੈਮਰਿਆਂ ਨੂੰ ਲੈ ਕੇ ਇਹ ਦਫ਼ਤਰ ਸਰਕਾਰ ਦੀ ਪੋਲ ਖੋਲ੍ਹ ਰਿਹਾ ਹੈ। ਇਸ ਬਾਰੇ ਸਾਡੇ ਪੱਤਰਕਾਰ ਨੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨਾਲ ਫੋਨ ਤੇ ਗੱਲ ਬਾਤ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਮੰਤਰੀ ਸਾਹਿਬ ਪਟਿਆਲਾ ਵਿਖੇ ਹੋ ਰਹੇ ਸਮਾਗਮ ਵਿੱਚ ਮਸ਼ਰੂਫ ਸਨ।