ਸੁਖਬੀਰ ਬਾਦਲ ਆਪਣੇ ਬਾਪੂ ਸ ਪ੍ਰਕਾਸ਼ ਸਿੰਘ ਬਾਦਲ ਵਾਂਗ ਸਿਆਸੀ ਡਰਾਮੇ ਖੇਡਣੇ ਬੰਦ ਕਰੇ, ਇਸ ਨੂੰ ਪੰਥ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ : ਚੇਅਰਮੈਨ ਮਨਜੀਤ ਸਿੰਘ ਭੋਮਾ

ਅੰਮ੍ਰਿਤਸਰ, 19 ਨਵੰਬਰ (ਐੱਸ.ਪੀ.ਐਨ ਬਿਊਰੋ) – ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਸੁਖਬੀਰ ਬਾਦਲ ਦੇ ਅਸਤੀਫੇ ਨੂੰ ਵਿੰਗੇ ਟਿੰਗੇ ਢੰਗ ਨਾਲ ਪ੍ਰਵਾਨ ਨਾ ਕਰਨ ਤੇ ਵਰਕਿੰਗ ਕਮੇਟੀ ਨੂੰ ਸੁਖਬੀਰ ਸਿੰਘ ਬਾਦਲ ਦੀ ਸੋਚੀ ਸਮਝੀ ਚਾਲ ਤਹਿਤ ਸਕ੍ਰਿਪਟ ਕੀਤਾ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਸੁਖਬੀਰ ਬਾਦਲ ਆਪਣੇ ਬਾਪ ਸ ਪ੍ਰਕਾਸ਼ ਸਿੰਘ ਬਾਦਲ ਦੀ ਤਰ੍ਹਾਂ ਉਹੀ ਸਿਆਸੀ ਡਰਾਮੇ ਖੇਡ ਰਿਹਾ ਹੈ ਜਿਹੜਾ ਡਰਾਮਾ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਦੇ ਸਮੇਂ ਅਕਾਲ ਤਖਤ ਸਾਹਿਬ ਤੇ ਕਰਵਾਈ ਜਾ ਰਹੀ ਸਾਰੇ ਅਕਾਲੀ ਦਲਾਂ ਦੀ ਏਕਤਾ ਨੂੰ ਤਾਰਪੀਡੋ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਨੇ ਖੇਡਿਆ ਸੀ।ਜਿਸ ਤਰ੍ਹਾ ਪ੍ਰਕਾਸ਼ ਸਿੰਘ ਬਾਦਲ ਆਪਣੇ ਅਕਾਲੀ ਦਲ ਦੀ ਪੰਜ ਮੈਂਬਰੀ ਪ੍ਰਜੀਡੀਅਮ ਬਣਾ ਕੇ ਆਪ ਅਸਤੀਫਾ ਦੇ ਕੇ ਅਗਿਆਤਵਾਸ ਹੋ ਗਏ ਸਨ। ਅੱਜ ਉਹੀ ਸਿਆਸੀ ਡਰਾਮਾ ਆਪਣੀ ਪ੍ਰਧਾਨਗੀ ਬਚਾਉਣ ਲਈ ਸੁਖਬੀਰ ਸਿੰਘ ਬਾਦਲ ਖੇਡ ਰਿਹਾ ਹੈ।

ਜਿਸ ਨੂੰ ਪੰਥ ਅਤੇ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ।ਭੋਮਾ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਪ੍ਰਧਾਨਗੀ ਛੱਡਣੀ ਨਹੀ ਸੀ ਤੇ ਫਿਰ ਅਸਤੀਫਾ ਦੇਣ ਦਾ ਡਰਾਮਾ ਕਰਨ ਕੀ ਲੋੜ ਸੀ ? ਜਿਹੜੇ ਮਲਾਈਆ ਛਕਣ ਵਾਲੇ ਗ਼ੈਰ ਪੰਥਕ ਲੋਕ ਸ ਸੁਖਬੀਰ ਸਿੰਘ ਬਾਦਲ ਦੇ ਆਲੇ ਦੁਆਲੇ ਕਾਵਾਂ ਰੌਲੀ ਪਾ ਰਹੇ ਹਨ ਉਹ ਲੋਕ ਹੀ ਸੁਖਬੀਰ ਸਿੰਘ ਬਾਦਲ ਦਾ ਬੇੜਾ ਡੋਬਣ ਵਾਲੇ ਹਨ। ਇਹਨਾਂ ਲੋਕਾ ਨੂੰ ਧਰਮ ਅਤੇ ਪੰਥ ਦੀ ਰਾਜਨੀਤੀ ਦੀ ਕੋਈ ਸਮਝ ਹੀ ਨਹੀਂ ਇਹ ਲੋਕ ਸ ਸੁਖਬੀਰ ਬਾਦਲ ਵਾਂਗ ਅੱਜ ਤੱਕ ਰੱਬ ਨੂੰ ਟੱਬ ਹੀ ਦੱਸਦੇ ਰਹੇ ਹਨ। ਅਤੇ ਹੁਣ ਵੀ ਇਹ ਲੋਕ ਵਰਕਿੰਗ ਕਮੇਟੀ ਤੇ ਆਪਣੇ ਅਸਤੀਫਿਆਂ ਰਾਹੀ ਦਬਾਅ ਪਾ ਕੇ ਸੁਖਬੀਰ ਦੀਆਂ ਨਜ਼ਰਾਂ ਵਿੱਚ ਟਿਕਟਾਂ ਲੈਣ ਦੀ ਖ਼ਾਤਰ ਉਸ ਦੀ ਹਮਦਰਦੀ ਲੈਣ ਅਤੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਿੱਚ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੂੰ ਸ਼ਾਇਦ ਇਹ ਯਾਦ ਨਹੀਂ ਕਿ ਪੰਜਾਬ ਅਤੇ ਪੰਥ ਸੁਖਬੀਰ ਬਾਦਲ ਦੇ ਬਜਰ ਗੁਨਾਹਾਂ ਦੀ ਸਜ਼ਾ ਉਸਨੂੰ ਪਿਛਲੀਆਂ ਕਈ ਚੋਣਾ ਵਿੱਚ ਦੇ ਚੁੱਕਾ ਹੈ।

ਪੰਜਾਬੀ ਅਤੇ ਪੰਥਕ ਲੋਕ ਸਦਾ ਲਈ ਸ ਸੁਖਬੀਰ ਸਿੰਘ ਬਾਦਲ ਤੋਂ ਬਾਗੀ ਹੋ ਚੁੱਕੇ ਹਨ । ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਝੂਦਾ ਕਮੇਟੀ ਦੀ ਰਿਪੋਰਟ ਅਨੁਸਾਰ ਵਕ਼ਤ ਵਹਾਂ ਚੁੱਕੀ ਹੈ ।ਉਹਨਾਂ ਕਿਹਾ ਇਸ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ਨੂੰ ਸ਼ਰੇਆਮ ਲਲਕਾਰ ਕੇ ਚੈਲੰਜ ਕਰ ਰਹੇ ਹਨ । ਇਸ ਸਮੇਂ ਲੜਾਈ ਬਾਦਲ ਪਰਿਵਾਰ ਅਤੇ ਅਕਾਲ ਤਖ਼ਤ ਸਾਹਿਬ ਦੇ ਵਿਚਕਾਰ ਚੱਲ ਰਹੀ ਹੈ। ਉਹਨਾਂ ਕਿਹਾ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਸਾਹਿਬ ਵਲੋਂ ਤਨਖ਼ਾਹੀਆ ਕਰਾਰ ਦੇਣ ਤੋਂ ਬਾਅਦ ਇਸ ਸਜ਼ਾ ਨੂੰ ਤਾਰਪੀਡੋ ਕਰਨ ਲਈ ਕਈ ਤਰ੍ਹਾਂ ਦੀਆਂ ਧਮਕੀਆਂ ਦੇਣ ਤੇ ਪਲ਼ੋਸਣ ਦੇ ਪਾਪੜ ਵੇਲੇ ਜਾ ਰਹੇ ਹਨ।ਜਦੋਂ ਸਾਰਾ ਪੰਥ ਤੇ ਪੰਜਾਬ ਸੁਖਬੀਰ ਬਾਦਲ ਨੂੰ ਸਜ਼ਾ ਸੁਣਾ ਚੁੱਕਾ ਹੈ ਤੇ ਪੰਜ ਸਿੰਘ ਸਾਹਿਬਾਨ ਲੋਕਾਂ ਦੇ ਫੈਸਲੇ ਤੇ ਮੋਹਰ ਲਾ ਕੇ ਉਸ ਨੂੰ ਤਨਖਾਹੀਆ ਕਰਾਰ ਦੇ ਚੁੱਕੇ ਹਨ ਤੇ ਸਿਰਫ਼ ਸਜ਼ਾ ਸੁਣਾਉਣੀ ਬਾਕੀ ਹੈ। ਪੰਥ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਉਸਦੀ ਉਡੀਕ ਕਰ ਰਿਹਾ ਹੈ ।

You May Also Like