ਉੱਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ ਸੜਕ ਹਾਦਸੇ ਦੌਰਾਨ ਦੋ ਸਕੀਆਂ ਭੈਣਾਂ ਦੀ ਮੌਤ

ਸਹਾਰਨਪੁਰ, 2 ਸਤੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਉੱਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ ਸ਼ਨੀਵਾਰ ਨੂੰ ਇਕ ਤੇਜ਼ ਰਫਤਾਰ ਡੰਪਰ ਨੇ ਨੋ ਐਂਟਰੀ ਲੇਨ ‘ਚ ਟੱਕਰ ਮਾਰ ਕੇ ਦੋ ਸਕੀਆਂ ਭੈਣਾਂ ਨੂੰ ਕੁਚਲ ਦਿਤਾ। ਹਾਦਸੇ ਵਿਚ ਦੋਵੇਂ ਭੈਣਾਂ ਦੀ ਮੌਤ ਹੋ ਗਈ। ਸਕੂਲ ਜਾਣ ਤੋਂ ਪਹਿਲਾਂ ਦੋਵੇਂ ਸਵੇਰੇ ਮੰਦਿਰ ‘ਚ ਮੱਥਾ ਟੇਕ ਕੇ ਵਾਪਸ ਆ ਰਹੀਆਂ ਸਨ। ਇਸ ਦੌਰਾਨ ਡੰਪਰ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿਤੀ। ਇਕ ਭੈਣ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੂਜੀ ਨੇ ਹਸਪਤਾਲ ‘ਚ ਦਮ ਤੋੜ ਦਿਤਾ।

ਇਹ ਘਟਨਾ ਸਰਸਾਵਾ ਥਾਣਾ ਖੇਤਰ ਦੇ ਨਕੁੜ-ਸਰਸਾਵਾ ਰੋਡ ‘ਤੇ ਵਾਪਰੀ। ਮ੍ਰਿਤਕ ਲੜਕੀਆਂ ਦੇ ਨਾਂ ਅਵਨਿਕਾ (12) ਅਤੇ ਅਵਨਿਆ (10) ਹਨ। ਦੋਵੇਂ ਗੁਰੂਕੁਲ ਗਿਆਨ ਗੰਗਾ ਇੰਟਰਨੈਸ਼ਨਲ ਸਕੂਲ ਸਰਸਾਵਾ ਵਿਚ ਪੜ੍ਹਦੀਆਂ ਸਨ। ਅਵਨਿਕਾ 6ਵੀਂ ਜਮਾਤ ‘ਚ ਪੜ੍ਹਦੀ ਸੀ ਅਤੇ ਅਵਨਿਆ 5ਵੀਂ ‘ਚ ਪੜ੍ਹਦੀ ਸੀ। ਦੋਵਾਂ ਲੜਕੀਆਂ ਦਾ ਪਿਤਾ ਸੰਜੇ ਮੁਜ਼ੱਫਰਨਗਰ ਦੀ ਇਕ ਫੈਕਟਰੀ ਵਿਚ ਕੰਮ ਕਰਦਾ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਡੰਪਰ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਦੋਵੇਂ ਲੜਕੀਆਂ ਨੂੰ ਕੁਚਲਣ ਤੋਂ ਬਾਅਦ ਡੰਪਰ ਬਿਜਲੀ ਦੇ ਖੰਭੇ ਨਾਲ ਜਾ ਟਕਰਾਇਆ। ਇਸ ਨਾਲ ਖੰਭਾ ਵੀ ਟੁੱਟ ਗਿਆ। ਹਾਦਸੇ ਤੋਂ ਬਾਅਦ ਡਰਾਈਵਰ ਡੰਪਰ ਛੱਡ ਕੇ ਫਰਾਰ ਹੋ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਹਾਂ ਭੈਣਾਂ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿਤਾ। ਬੇਟੀਆਂ ਦੀ ਮੌਤ ਤੋਂ ਬਾਅਦ ਮਾਂ ਦਾ ਰੋ-ਰੋ ਬੁਰਾ ਹਾਲ ਹੈ।

You May Also Like