ਗੁ: ਬਾਬਾ ਵਡਭਾਗ ਸਿੰਘ ਜੀ ਦੇ ਨੇੜੇ ਸ਼ਰਾਬ ਦਾ ਠੇਕਾ ਖੁੱਲਣਾ ਬੇਹੱਦ ਮੰਦਭਾਗਾ : ਸੋਨੂੰ ਜੰਡਿਆਲਾ

ਸਮੁੱਚੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ, ਪ੍ਰਸ਼ਾਸ਼ਨ ਜਲਦ ਠੇਕਾ ਬੰਦ ਕਰਵਾਏ

ਅੰਮ੍ਰਿਤਸਰ 5 ਸਤੰਬਰ (ਰਾਜੇਸ਼ ਡੈਨੀ) – ਹਿਮਾਚਲ ਪ੍ਰਦੇਸ਼ ‘ਚ ਪੈਂਦੇ ਗੁਰਦੁਆਰਾ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੇ ਤਪ ਅਸਥਾਨ ਨੇੜੇ ਸ਼ਰਾਬ ਦਾ ਠੇਕਾ ਖੁੱਲਣਾ ਜਿੱਥੇ ਬਹੁਤ ਹੀ ਮੰਦਭਾਗਾ, ਉੱਥੇ ਦੇਸ਼ਾ-ਵਿਦੇਸ਼ਾ ਦੀ ਸੰਗਤਾਂ ਵਿਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓ. ਬੀ.ਸੀ ਪੰਜਾਬ ਦੇ ਵਰਕਿੰਗ ਪ੍ਰਧਾਨ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਅੰਮ੍ਰਿਤਸਰ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਗੁ: ਬਾਬਾ ਵਡਭਾਗ ਸਿੰਘ ਜੋ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੀ ਆਸਥਾ ਦਾ ਕੇਂਦਰ ਹੈ, ਜਿੱਥੇ ਲੱਖਾਂ ਸੰਗਤਾਂ ਨਤਮਸਤਿਕ ਹੁੰਦੀਆਂ ਹਨ, ਉੱਥੇ ਹੀ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਗੁਰਮਰਿਆਦਾ ਦੀਆਂ ਧਮਜੀਆਂ ਉਡਾਉਂਦੇ ਹੋਏ ਗੁਰਦੁਆਰਾ ਸਾਹਿਬ ਦੇ ਨੇੜੇ ਸ਼ਰਾਬ ਦਾ ਠੇਕਾ ਖੋਲ ਕੇ ਸੰਤਾਂ ਅਤੇ ਸਮੁੱਚੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਹਰਗਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸੋਨੂੰ ਜੰਡਿਆਲਾ ਨੇ ਠੇਕੇ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਜਲਦ ਤੋਂ ਜਲਦ ਸ਼ਰਾਬ ਦੇ ਠੇਕੇ ਨੂੰ ਬੰਦ ਕਰਨ ਨਹੀਂ ਤਾਂ ਉਹ ਹਲਕੇ ਦੇ ਵਿਧਾਇਕ ਸੁਦਰਸ਼ਨ ਬੱਬਲੂ ਅਤੇ ਹਿਮਾਚਲ ਪ੍ਰਦੇਸ਼ ਪ੍ਰਸ਼ਾਸ਼ਨ ਨਾਲ ਰਾਬਤਾ ਕਾਇਮ ਕਰਕੇ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਇਹ ਸ਼ਰਾਬ ਦਾ ਠੇਕਾ ਬੰਦ ਨਾ ਹੋਇਆ ਤਾਂ ਉਹ ਮਜਬੂਰਨ ਕਾਂਗਰਸ ਹਾਈਕਮਾਂਡ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਉਣਗੇ ਅਤੇ ਇੰਨ੍ਹਾਂ ਸ਼ਰਾਰਤੀ ਅਨਸਰਾਂ ਖਿਲਾਫ ਬਣਦੀ ਕਾਰਵਾਈ ਵੀ ਕਰਵਾਉਣਗੇ। ਸੋਨੂੰ ਜੰਡਿਆਲਾ ਅਤੇ ਅਜੇਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਕਿਸੇ ਵੀ ਧਾਰਮਿਕ ਸਥਾਨ ਦੇ ਕੋਲ ਕੋਈ ਵੀ ਸ਼ਰਾਬ ਦਾ ਠੇਕਾ ਜਾਂ ਨਸ਼ੇ ਸੇਵਨ ਕਰਨ ਵਾਲੀ ਦੁਕਾਨ ਨਹੀਂ ਖੋਲੀ ਜਾ ਸਕਦੀ, ਕਿਉਂਕਿ ਇਹ ਕਾਨੂੰਨੀ ਅਪਰਾਧ ਹੈ। ਇਸ ਮੌਕੇ ਜੋਬਨ ਖਾਨਕੋਟ ਕੋਡੀਨੇਟਰ ਤਾਰਾਗੜ੍ਹ, ਮੈਂਬਰ ਜਨਰਲ ਕੌਂਸਲ ਬਲਵਿੰਦਰ ਸਿੰਘ, ਰਣਜੀਤ ਸਿੰਘ, ਹਰਜੀਤ ਸਿੰਘ ਆਦਿ ਹਾਜਰ ਸਨ।

You May Also Like