ਅੰਮ੍ਰਿਤਸਰ, 6 ਸਤੰਬਰ (ਵਿਨੋਦ ਕੁਮਾਰ) – ਨਹਿਰੀ ਮਹਿਕਮੇ ਦੇ ਰਿਹਾਇਸ਼ੀ ਕੁਆਟਰਾਂ ਵਿੱਚ ਬਹੁਤ ਸਾਰੇ ਕਰਮਚਾਰੀਆਂ ਵੱਲੋ ਆਪਣੇ ਸੌਂਕ ਪਾਲਣ ਲਈ ਖੂੰਖਾਰ ਕੁੱਤੇ ਰੱਖੇ ਹਨ।ਜਿੰਨਾਂ ਦੀ ਵਜ੍ਹਾ ਕਾਰਨ ਨਹਿਰੀ ਕਲੋਨੀ ਵਿੱਚ ਰਹਿ ਰਹੇ ਕਰਮਚਾਰੀ ਅਤਿ ਦੀ ਪ੍ਰੇਸ਼ਾਨੀ ਵਿੱਚੋਂ ਗੁਜਰ ਰਹੇ ਹਨ।ਇਸ ਸੰਬੰਧੀ ਜਾਣਕਾਰੀ ਦੇੰਦਿਆ ਨਿਊ ਕੈਨਾਲ ਕਲੋਨੀ ਦੇ ਵਾਸੀ ਕੇਵਲ ਸਿੰਘ ਭਿੰਡਰ ਵਰਕ ਮੁਨਸ਼ੀ ਆਈ ਪੀ ਆਰ ਆਈ ਅੰਮ੍ਰਿਤਸਰ ਨੇ ਕਿਹਾ ਕਿ ਰਿਹਾਇਸ਼ੀ ਕਲੋਨੀ ਵਿੱਚ ਕੁੱਝ ਕਰਮਚਾਰੀਆਂ ਵੱਲੋ ਖਤਰਨਾਕ ਕਿਸਮ ਦੇ ਕੁੱਤੇ (ਪਿਟਬੁੱਲ) ਰੱਖੇ ਹੋਏ ਹਨ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਦੇ ਵੇਹੜਿਆਂ ਵਿੱਚ ਅਕਸਰ ਖੁੱਲਾ ਛੱਡ ਦੇਂਦੇ ਹਨ।
ਜਿਸ ਨਾਲ ਆਂਢ – ਗੁਆਂਢ ਦੇ ਲੋਕਾਂ ‘ਚ ਭਾਰੀ ਡਰ ਬਣਿਆਂ ਹੋਇਆ ਹੈ ਇਸ ਕਰਕੇ ਕਲੋਨੀ ਵਾਸੀ ਆਪਣੇ ਬੱਚਿਆ ਨੂੰ ਘਰੋਂ ਬਾਹਰ ਕੱਢਣ ਤੋਂ ਵੀ ਡਰਦੇ ਹਨ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਕਲੋਨੀ ਵਿੱਚ ਰਹਿੰਦੇ ਇੱਕ ਕਰਮਚਾਰੀ ਦੇ ਖੂੰਖਾਰ ਕੁੱਤੇ ਵੱਲੋ ਮੇਰੇ ਲੜਕੇ ਨੂੰ ਕਟ ਦਿੱਤਾ ਗਿਆ ਹੈ।ਇਸ ਮਾਮਲੇ ਸੰਬੰਧੀ ਮੇਰੇ ਵੱਲੋ ਕੁੱਤੇ ਦੇ ਮਾਲਕ ਨੂੰ ਉਲਾਂਭਾ ਦੇਣ ਦੇ ਬਾਵਜ਼ੂਦ ਵੀ ਇਸ ਖੂੰਖਾਰ ਕੁੱਤੇ ਨੂੰ ਉਸ ਵੱਲੋ ਬੰਨ ਕੇ ਨਹੀਂ ਰੱਖਿਆ ਜਾ ਰਿਹਾ। ਦੁੱਖੀ ਹੋ ਕੇ ਕੇਵਲ ਸਿੰਘ ਭਿੰਡਰ ਵੱਲੋ ਨਹਿਰੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਇਸ ਕਰਮਚਾਰੀ ਦੀ ਲਿਖਤੀ ਸ਼ਿਕਾਇਤ ਕਰਕੇ ਇਸ ਖੂੰਖਾਰ ਕੁੱਤੇ ਨੂੰ ਕਲੋਨੀ ਵਿੱਚੋ ਬਾਹਰ ਕੱਢਣ ਅਤੇ ਉਕਤ ਕਰਮਚਾਰੀ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।