ਅੰਮ੍ਰਿਤਸਰ 6 ਸਤੰਬਰ (ਵਿਨੋਦ ਕੁਮਾਰ) – ਘਰ ਘਰ ਨੌਜਵਾਨਾਂ ਦੇ ਸੱਥਰ ਵਿਛਾ ਰਹੇ ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ ਵਿਰੁੱਧ ਸਾਰੇ ਕਿਰਤੀ ਵਰਗਾਂ ਦੀ ਸਾਂਝੀ ਲੋਕ ਲਹਿਰ ਉਸਾਰਨ ਵੱਲ ਸੇਧਤ ਨਸ਼ਾ ਵਿਰੋਧੀ ਮੁਹਿੰਮ ਦੇ ਪਹਿਲੇ ਪੜਾਅ ਦੇ ਸਿਖ਼ਰ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਅੱਜ ਸੂਬਾ ਤੇ ਕੇਂਦਰ ਸਰਕਾਰਾਂ ਵਿਰੁੱਧ 18 ਜ਼ਿਲ੍ਹਿਆਂ ਵਿੱਚ ਲਾ ਮਿਸਾਲ ਰੋਹ ਭਰਪੂਰ ਧਰਨੇ ਮੁਜ਼ਾਹਰੇ ਕੀਤੇ ਗਏ। ਅੰਮਿਰਤਸਰ ਡੀਸੀ ਦਫਤਰ ਵਿਖੇ ਜਥੇਬੰਦੀ ਦੇ ਜਿਲਾ ਪ੍ਰਧਾਨ ਕਸ਼ਮੀਰ ਸਿੰਘ ਨੇ ਇੱਥੇ ਪ੍ਰੈਸ ਲਈ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਪਿੰਡਾਂ ਤੋਂ ਵੱਡੀ ਗਿਣਤੀ ਔਰਤਾਂ, ਨੌਜਵਾਨਾਂ ਤੇ ਹੋਰ ਲੋਕਾਂ ਸਮੇਤ ਕੁੱਲ ਮਿਲਾ ਕੇ ਕਈ ਸੈਂਕੜੇ ਕਿਸਾਨ ਮਜ਼ਦੂਰ ਅਤੇ ਕਿਰਤੀ ਲੋਕ ਇਨ੍ਹਾਂ ਇਕੱਠਾਂ ਵਿੱਚ ਸ਼ਾਮਲ ਹੋਏ। ਇਸ ਮੌਕੇ ਹਾਜ਼ਰ ਜ਼ਿਲ੍ਹਾ/ਉਪਮੰਡਲ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਵੀ ਸੌਂਪੇ ਗਏ ਤੇ ਰੋਹ ਭਰਪੂਰ ਮਾਰਚ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਨਸ਼ਿਆਂ ਵਿਰੁੱਧ ਨਾਹਰਿਆਂ ਦੇ ਗਰਜਵੇਂ ਜੁਆਬ ਦੇਣ ਸਮੇਂ ਲੋਕਾਂ ਦੇ ਚਿਹਰਿਆਂ ਤੋਂ ਨਸ਼ਾ-ਉਤਪਾਦਕ ਸਾਮਰਾਜੀ ਕੰਪਨੀਆਂ, ਵੱਡੇ ਸਮਗਲਰਾਂ, ਉੱਘੇ ਸਿਆਸਤਦਾਨਾਂ ਅਤੇ ਪੁਲਸੀ/ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ਦੀ ਚੰਡਾਲ ਚੌਕੜੀ ਖ਼ਿਲਾਫ਼ ਅੰਤਾਂ ਦਾ ਰੋਹ ਝਲਕ ਰਿਹਾ ਸੀ।
ਆਪਣੇ ਸੰਬੋਧਨ ਦੌਰਾਨ ਡਾ ਪਰਮਿੰਦਰ ਸਿੰਘ ਪੰਡੋਰੀ ਨੇ ਨਸ਼ਿਆਂ ਦੇ ਵਪਾਰ ਵਿੱਚੋਂ ਅੰਨ੍ਹੇ ਮੁਨਾਫੇ ਅਤੇ ਨੌਜਵਾਨਾਂ ਦੀ ਮੱਤ ਮਾਰਨ ਦੇ ਦੂਹਰੇ ਲਾਹੇ ਖੱਟਣ ਵਾਲੀ ਉਪਰੋਕਤ ਚੰਡਾਲ ਚੌਕੜੀ ਨੂੰ ਨਸ਼ਿਆਂ ਦੀ ਮਹਾਂਮਾਰੀ ਦੇ ਮੁੱਖ ਦੋਸ਼ੀ ਗਰਦਾਨਿਆ ਅਤੇ ਨਸ਼ਾ ਵਿਰੋਧੀ ਮੁਹਿੰਮ ਦਾ ਚੋਟ ਨਿਸ਼ਾਨਾ ਬਣਾਉਣ ਦਾ ਐਲਾਨ ਕੀਤਾ। ਇਸ ਮੁਹਿੰਮ ਦੇ ਅਗਲੇ ਪੜਾਅ ਦਾ ਐਲਾਨ ਕਰਦਿਆਂ ਉਨ੍ਹਾਂ ਦੱਸਿਆ ਕਿ 7 ਸਤੰਬਰ ਤੋਂ 6 ਅਕਤੂਬਰ ਤੱਕ “ਪਿੰਡਾਂ ਨੂੰ ਜਗਾਓ, ਪਿੰਡਾਂ ਨੂੰ ਹਿਲਾ ਦਿਓ ” ਮੁਹਿੰਮ ਭਖਾਉਣ ਲਈ 30 ਸਤੰਬਰ ਤੱਕ ਪਿੰਡ ਪਿੰਡ ਜਨਤਕ ਮੀਟਿੰਗਾਂ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਮਾਰੂ ਨਸ਼ਿਆਂ ਦੀ ਭੇਟ ਚੜ੍ਹੇ ਨੌਜਵਾਨਾਂ ਦੀਆਂ ਫੋਟੋਆਂ ਸਮੇਤ ਲਿਸਟਾਂ ਬਣਾਈਆਂ ਜਾਣਗੀਆਂ। 1 ਤੋਂ 6 ਅਕਤੂਬਰ ਤੱਕ ਇਨ੍ਹਾਂ ਫੋਟੋਆਂ ਸਮੇਤ ਪਿੰਡ ਪੱਧਰੇ ਰੋਸ ਮਾਰਚ ਕੀਤੇ ਜਾਣਗੇ। 10 ਅਕਤੂਬਰ ਨੂੰ ਪੰਜਾਬ ਦੇ ਮੰਤਰੀਆਂ ਅਤੇ ਆਪ ਦੇ ਵਿਧਾਇਕਾਂ ਦੇ ਘਰਾਂ ਅੱਗੇ ਵਿਸ਼ਾਲ ਧਰਨੇ ਲਾਏ ਜਾਣਗੇ। ਵੱਖ ਵੱਖ ਥਾਈਂ ਸੰਬੋਧਨ ਕਰਨ ਵਾਲੇ ਸਮੂਹ ਬੁਲਾਰਿਆਂ ਨੇ ਇੱਕਸੁਰ ਹੋ ਕੇ ਮੰਗ ਕੀਤੀ ਕਿ ਚਿੱਟੇ ਦੇ ਵਪਾਰ ਵਿਚ ਸ਼ਾਮਲ ਅਡਾਨੀ ਵਰਗੇ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ, ਉੱਚ ਅਫਸਰਸ਼ਾਹੀ, ਉੱਘੇ ਸਿਆਸਤਦਾਨਾਂ ਅਤੇ ਵੱਡੇ ਸਮਗਲਰਾਂ ਨੂੰ ਟਿੱਕਿਆ ਜਾਵੇ, ਨਸ਼ਰ ਕੀਤਾ ਜਾਵੇ ਅਤੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ ਦੀ ਪੈਦਾਵਾਰ ਤੇ ਵਪਾਰ ਕਰਨ ਵਾਲੇ ਪ੍ਰਮੁੱਖ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਨਵਾਂ ਕਾਨੂੰਨ ਪਾਸ ਕਰਕੇ ਇਸਨੂੰ ਲਾਗੂ ਕੀਤਾ ਜਾਵੇ। ਸਰਕਾਰ ਵੱਲੋਂ ਨਸ਼ਾ-ਛੁਡਾਊ ਕੇਂਦਰਾਂ ਦਾ ਢੁੱਕਵਾਂ ਪ੍ਰਬੰਧ ਕਰਕੇ ਉੱਚ-ਪੱਧਰਾ ਮੈਡੀਕਲ ਇਲਾਜ ਅਤੇ ਮਨੋਵਿਗਿਆਨਕ ਇਲਾਜ ਕਰਨ ਵਾਲੇ ਮਾਹਰਾਂ ਦੀਆਂ ਸੇਵਾਵਾਂ ਹਰ ਇੱਕ ਕੇਂਦਰ ਵਿਚ ਮੁਹੱਈਆ ਕੀਤੀਆਂ ਜਾਣ। ਨਸ਼ਾ-ਪੀੜਤਾਂ ਅਤੇ ਛੋਟੇ-ਨਸ਼ਾ ਵੰਡਕਾਂ ਦੇ ਮੁੜ-ਵਸੇਬੇ ਲਈ ਢੁੱਕਵੇਂ ਨੀਤੀ ਕਦਮਾਂ ਨੂੰ ਤਹਿ ਕੀਤਾ ਜਾਵੇ ਅਤੇ ਅਮਲ ਵਿੱਚ ਲਿਆਂਦਾ ਜਾਵੇ। ਸ਼ਰਾਬ ਦੇ ਠੇਕਿਆਂ ਦਾ ਪਸਾਰ ਕਰਨ ਅਤੇ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਹਲਣ ਦੀ ਨੀਤੀ ਦਾ ਤਿਆਗ ਕੀਤਾ ਜਾਵੇ। ਪਿੰਡ ਦੀ ਅਤੇ ਸ਼ਹਿਰ ਦੀ ਆਬਾਦੀ ਦਾ ਮਤਾ ਪਾਸ ਹੋ ਜਾਣ ਵਾਲੀ ਥਾਂ ਤੋਂ ਸ਼ਰਾਬ ਦਾ ਠੇਕਾ ਖਤਮ ਕੀਤਾ ਜਾਵੇ। ਇਸ ਮੋਕੇ ਹਰਚਰਣ ਸਿੰਘ ਮੱਧੀਪੁਰ , ਅਨੋਕ ਸਿੰਘ ,ਜਸਪਾਲ ਸਿੰਘ ,ਟੀ ਐਸ ਯੂ ਕਿਰਸ਼ਨ ਸਿੰਘ ,ਪਵਨ ਵੇਰਕਾ ਡੇਅਰੀ ਪਰਧਾਨ , ਬੀਬੀ ਬਲਵਿੰਦਰ ਕੋਰ ਪੰਧੇਰ ,ਬਾਬਾ ਜਗਜੀਵਨ ਸਿੰਘ ,ਬਲਦੇਵ ਸਿੰਘ ਫੋਜੀ ,ਜਸਪਾਲ ਧੰਗਾਈ ,ਨਰਿੰਦਰ ਸਿੰਘ ਭਿੱਟੇਵੱਡ ,ਅਜਾਇਬ ਸਿੰਘ ਟਰਪਈ ,ਪ੍ਰਗਟ ਸਿੰਘ ,ਕੁਲਬੀਰ ਸਿੰਘ , ਅਜੀਤਪਾਲ ਸਿੰਘ , ਅਨਮੋਲ ਸਿੰਘ ਕੰਦੋਵਾਲੀ , ਸੁਖਵੰਤ ਸਿੰਘ ,ਸਤਨਾਮ ਸਿੰਘ ਭਕਨਾ ,ਡਾ ਕੁਲਦੀਪ ਸਿੰਘ ,ਲਖਵਿੰਦਰ ਮੂਧਲ ,ਹਰਪਾਲ ਸਿੰਘ ਗੋਸਲ਼ ,ਜਗਤਾਰ ਸਿੰਘ ,ਗੁਰਮੁੱਖ ਸਿੰਘ, ਆਦਿ ਕਿਸਾਨ ਤੇ ਔਰਤਾਂ ਸਾਮਿਲ ਹੋਈਆ